ਕੇਂਦਰ ਨੇ ਸਮਲਿੰਗੀ ਵਿਆਹ ''ਤੇ ਸੁਣਵਾਈ ਦਾ ਕੀਤਾ ਵਿਰੋਧ, ਕਿਹਾ- ਸਰਟੀਫਿਕੇਟ ਦੇ ਬਿਨਾਂ ਕੋਈ ਮਰ ਨਹੀਂ ਰਿਹਾ
Monday, May 24, 2021 - 06:21 PM (IST)
ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਹਿੰਦੂ ਵਿਆਹ ਐਕਟ, ਵਿਸ਼ੇਸ਼ ਵਿਆਹ ਐਕਟ ਅਤੇ ਵਿਦੇਸ਼ੀ ਵਿਆਹ ਐਕਟ ਦੇ ਅਧੀਨ ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਦੀ ਮੰਗ ਵਾਲੀ ਪਟੀਸ਼ਨ ਨੂੰ 6 ਜੁਲਾਈ ਤੱਕ ਲਈ ਟਾਲ ਦਿੱਤਾ। ਲਾਈਵ ਲਾਅ ਨੇ ਦੱਸਿਆ,''ਕੇਂਦਰ ਨੇ ਅਦਾਲਤ ਦੇ ਸਾਹਮਣੇ ਕਿਹਾ ਕਿ ਦੇਸ਼ ਮੌਜੂਦਾ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਿਹਾ ਹੈ, ਅਜਿਹੇ 'ਚ ਕਈ ਹੋਰ ਜ਼ਰੂਰੀ ਮਾਮਲੇ ਹਨ, ਜਿਨ੍ਹਾਂ 'ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਅਤੇ ਬਿਨਾਂ ਵਿਆਹ ਪ੍ਰਮਾਣ ਪੱਤਰ ਦੇ ਕੋਈ ਮਰ ਨਹੀਂ ਰਿਹਾ ਹੈ।''
ਕੇਂਦਰ ਵਲੋਂ ਪੇਸ਼ ਸਾਲਿਸੀਟਰ ਜਨਰਲ ਤੁਸ਼ਾਰ ਮੇਹਤਾ ਨੇ ਤਰਕ ਦਿੱਤਾ,''ਇਕ ਸਰਕਾਰ ਦੇ ਰੂਪ 'ਚ ਸਾਡਾ ਧਿਆਨ ਤੁਰੰਤ ਅਤੇ ਆਸਾਨ ਮੁੱਦਿਆਂ 'ਤੇ ਹੈ ਅਤੇ ਕਾਨੂੰਨ ਵਿਭਾਗ ਨਾਲ ਜੁੜੇ ਅਧਿਕਾਰੀ ਵੀ ਮਹਾਮਾਰੀ ਨਾਲ ਸੰਬੰਧਤ ਮਾਮਲਿਆਂ ਨਾਲ ਨਿਪਟ ਰਹੇ ਹਨ।'' ਪਟੀਸ਼ਨਕਰਤਾ ਦਾ ਪ੍ਰਤੀਨਿਧੀਤੱਵ ਕਰ ਰਹੇ ਸੀਨੀਅਰ ਐਡਵੋਕੇਟ ਸੌਰਭ ਕ੍ਰਿਪਾਲ ਨੇ ਅਦਾਲਤ ਨੂੰ ਕਿਹਾ ਕਿ ਸਰਕਾਰ ਨੂੰ ਨਿਰਪੱਖ ਹੋਣਾ ਚਾਹੀਦਾ ਅਤੇ ਅਦਾਲਤ ਨੂੰ ਇਸ ਮਾਮਲੇ ਦੀ ਜ਼ਰੂਰਤ ਤੈਅ ਕਰਨੀ ਹੋਵੇਗੀ। ਦੋਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 6 ਜੁਲਾਈ ਤੈਅ ਕਰ ਦਿੱਤੀ।