ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦਾ ਮੁੜ ਹੋਵੇਗਾ ਕੋਰੋਨਾ ਟੈਸਟ, ਪਹਿਲੀ ਰਿਪੋਰਟ ਆਈ ਸੀ ਨੈਗੇਟਿਵ
Wednesday, Jun 17, 2020 - 12:33 PM (IST)
ਨਵੀਂ ਦਿੱਲੀ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਤੇਜ਼ ਬੁਖਾਰ ਅਤੇ ਆਕਸੀਜਨ ਲੇਵਲ ਅਚਾਨਕ ਡਿੱਗਣ ਕਾਰਨ ਸੋਮਵਾਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਮੰਗਲਵਾਰ ਨੂੰ ਉਨ੍ਹਾਂ ਦਾ ਕੋਰੋਨਾ ਟੈਸਟ ਹੋਇਆ ਸੀ, ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ। ਉੱਥੇ ਹੀ ਪੂਰਬੀ ਦਿੱਲੀ ਸਥਿਤ ਰਾਜੀਵ ਗਾਂਧੀ ਸੁਪਰਸਪੈਸ਼ਲਿਟੀ ਹਸਪਤਾਲ 'ਚ ਭਰਤੀ ਸਿਹਤ ਮੰਤਰੀ ਸਤੇਂਦਰ ਜੈਨ ਦੀ ਹਾਲਤ ਸਥਿਰ ਹੈ ਪਰ ਬੁਖਾਰ ਹਾਲੇ ਵੀ ਬਣਿਆ ਹੋਇਆ ਹੈ। ਸੂਤਰਾਂ ਅਨੁਸਾਰ ਤੇਜ਼ ਬੁਖਾਰ ਅਤੇ ਲੱਛਣ ਕੋਰੋਨਾ ਵਰਗੇ ਬਣੇ ਹੋਏ ਹਨ, ਅਜਿਹੇ 'ਚ ਡਾਕਟਰ ਬੁੱਧਵਾਰ ਨੂੰ ਮੁੜ ਸਤੇਂਦਰ ਜੈਨ ਦਾ ਕੋਰੋਨਾ ਟੈਸਟ ਕਰ ਕੇ ਦੇਖਣਾ ਚਾਹੁੰਦੇ ਹਨ।
ਰਾਜੀਵ ਗਾਂਧੀ ਸੁਪਰ ਸਪੈਸ਼ਿਲਟੀ ਹਸਪਤਾਲ (ਆਰ.ਜੀ.ਐੱਸ.ਐੱਸ.ਐੱਚ.) ਦੇ ਡਾਕਟਰਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ। ਹਾਲਾਂਕਿ ਉਨ੍ਹਾਂ ਨੂੰ ਆਕਸੀਜਨ ਦਿੱਤੀ ਗਈ ਅਤੇ ਲਗਾਤਾਰ ਉਨ੍ਹਾਂ ਦੀ ਹਾਲਤ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਪਹਿਲਾਂ ਜੈਨ ਨੇ ਖੁਦ ਟਵੀਟ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੂੰ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜੋ ਦਿੱਲੀ ਸਰਕਾਰ ਦੇ ਅਧੀਨ ਇਕ ਕੋਵਿਡ-19 ਕੇਂਦਰ ਹੈ। ਦੱਸਣਯੋਗ ਹੈ ਕਿ ਜੈਨ ਦਿੱਲੀ 'ਚ ਵਧਦੇ ਕੋਰੋਨਾ ਟੈਸਟ ਨੂੰ ਲੈ ਕੇ ਰਾਤ ਭਰ ਬੈਠਕਾਂ 'ਚ ਜੁਟੇ ਹੋਏ ਸਨ। ਦਿੱਲੀ ਦੇ ਹਸਪਤਾਲਾਂ 'ਚ ਕੋਰੋਨਾ ਦੇ ਇਲਾਜ ਦੀ ਵਿਵਸਥਾ ਦੇਖਣ ਤੋਂ ਲੈ ਕੇ ਟੈਸਟ ਦੇ ਮਾਮਲੇ ਤੱਕ ਜੈਨ ਦੇਖ ਰਹੇ ਸਨ।