ਦਿੱਲੀ ਦੀ ਕਾਨੂੰਨ ਵਿਵਸਥਾ ਹੋਈ ਢਹਿ-ਢੇਰੀ, ਹੈੱਡ ਕਾਂਸਟੇਬਲ ''ਤੇ ਚਾਕੂ ਨਾਲ ਹਮਲਾ, ICU ''ਚ ਦਾਖ਼ਲ
Monday, Jan 23, 2023 - 05:36 PM (IST)

ਨਵੀਂ ਦਿੱਲੀ- ਦਿੱਲੀ ਦੀ ਕਾਨੂੰਨ ਵਿਵਸਥਾ ਢਹਿ-ਢੇਰੀ ਹੁੰਦੀ ਜਾ ਰਹੀ ਹੈ। ਦੱਖਣੀ-ਪੱਛਮੀ ਦਿੱਲੀ ਦੇ ਛਾਵਲਾ ਇਲਾਕੇ 'ਚ ਇਕ ਆਟੋ ਰਿਕਸ਼ਾ ਚਾਲਕ ਅਤੇ ਕੁਝ ਲੋਕਾਂ ਵਿਚਾਲੇ ਹੋਏ ਝਗੜੇ ਨੂੰ ਸ਼ਾਂਤ ਕਰਾਉਂਦੇ ਸਮੇਂ ਇਕ ਵਿਅਕਤੀ ਨੇ ਦਿੱਲੀ ਪੁਲਸ ਦੇ ਹੈੱਡ ਕਾਂਸਟੇਬਲ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਪੁਲਸ ਮੁਲਾਜ਼ਮ ਨੂੰ ਆਈ. ਸੀ. ਯੂ. ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- 'ਭਾਰਤ ਜੋੜੋ ਯਾਤਰਾ' 'ਚ ਰਾਹੁਲ ਦਾ ਹਮਸ਼ਕਲ ਬਣਿਆ ਖਿੱਚ ਦਾ ਕੇਂਦਰ, ਟੀ-ਸ਼ਰਟ ਪਹਿਨੇ ਹੋਏ ਆਇਆ ਨਜ਼ਰ
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਘਟਨਾ ਐਤਵਾਰ ਸ਼ਾਮ ਦੀ ਹੈ, ਜਦੋਂ ਛਾਵਲਾ ਥਾਂ ਦੇ ਏ. ਐੱਸ. ਆਈ. ਅਤੇ ਹੈੱਡ ਕਾਂਸਟੇਬਲ ਰਿੰਕੂ ਕੁਤੁਬ ਵਿਹਾਰ ਇਲਾਕੇ ਵਿਚ ਗਸ਼ਤ 'ਤੇ ਸਨ। ਰਾਤ ਕਰੀਬ 8.35 'ਤੇ ਉਨ੍ਹਾਂ ਨੂੰ ਇਲਾਕੇ 'ਚ ਝੜਪ ਹੋਣ ਦੀ ਸੂਚਨਾ ਮਿਲੀ ਸੀ। ਪੁਲਸ ਡਿਪਟੀ ਕਮਿਸ਼ਨਰ ਹਰਸ਼ਵਰਧਨ ਨੇ ਦੱਸਿਆ ਕਿ ਜਦੋਂ ਦੋਵੇਂ ਪੁਲਸ ਮੁਲਾਜ਼ਮ ਮੌਕੇ 'ਤੇ ਪਹੁੰਚੇ ਤਾਂ ਕੁਝ ਲੋਕ ਇਕ ਆਟੋ ਰਿਕਸ਼ਾ ਚਾਲਕ ਨਾਲ ਝਗੜਾ ਕਰ ਰਹੇ ਸਨ। ਪੁਲਸ ਨੇ ਜਦੋਂ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਆਟੋ ਰਿਕਸ਼ਾ ਚਾਲਕ ਨੇ ਰਿੰਕੂ 'ਤੇ ਚਾਕੂ ਨਾਲ ਦੋ ਵਾਰ ਕੀਤੇ ਅਤੇ ਉਥੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਆਟੋ ਚਾਲਕ ਦੀ ਪਛਾਣ ਇਲਾਕੇ ਦੇ ਅਪਰਾਧੀ ਸੰਨੀ ਉਰਫ਼ ਸ਼ੂਟਰ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ- ਭਾਰਤੀਆਂ ਲਈ ਖੁਸ਼ਖ਼ਬਰੀ; ਵੀਜ਼ਾ ਦੀ ਉਡੀਕ ਘੱਟ ਕਰਨ ਲਈ US ਨੇ ਕੀਤੀ ਨਵੀਂ ਪਹਿਲ
ਡੀ. ਸੀ. ਪੀ. ਨੇ ਦੱਸਿਆ ਕਿ ਰਿੰਕੂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਆਈ. ਸੀ. ਯੂ. ਵਿਚ ਦਾਖ਼ਲ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਪੁਲਸ ਨੇ ਸੰਨੀ ਅਤੇ ਉਸਦੇ ਹੋਰ ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਸੂਚਨਾ ਮਿਲੀ ਕਿ ਉਹ ਕੁਤੁਬ ਵਿਹਾਰ ਦੇ ਭਾਈ-ਭਾਈ ਰੋਡ 'ਤੇ ਸਥਿਤ ਇਕ ਘਰ ਵਿਚ ਹਨ।
ਇਹ ਵੀ ਪੜ੍ਹੋ- ਬੀਅਰ ਪੀਂਦੇ ਹੋਏ ਚਲਾ ਰਿਹਾ ਸੀ ਬੁਲੇਟ, ਵੀਡੀਓ ਵਾਇਰਲ ਹੁੰਦੇ ਹੀ ਹੋਇਆ 31 ਹਜ਼ਾਰ ਰੁਪਏ ਦਾ ਚਲਾਨ
ਜਦੋਂ ਪੁਲਸ ਦੇਰ ਰਾਤ ਕਰੀਬ 2.30 ਵਜੇ ਮੌਕੇ 'ਤੇ ਪਹੁੰਚੀ ਤਾਂ ਸੰਨੀ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਤਿੰਨ ਗੋਲੀਆਂ ਚਲਾਈਆਂ, ਸੰਨੀ ਦੇ ਪੈਰ 'ਚ ਗੋਲੀ ਲੱਗੀ। ਹਰਸ਼ਵਰਧਨ ਨੇ ਦੱਸਿਆ ਕਿ ਸੰਨੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮੌਕੇ ਤੋਂ ਇਕ ਦੇਸੀ ਪਿਸਤੌਲ, ਤਿੰਨ ਕਾਰਤੂਸ ਅਤੇ ਇਕ ਚਾਕੂ ਵੀ ਬਰਾਮਦ ਹੋਇਆ ਹੈ। ਘਟਨਾ 'ਚ ਸ਼ਾਮਲ ਹੋਰ ਲੋਕਾਂ ਦੀ ਭਾਲ ਜਾਰੀ ਹੈ।