ਕਸ਼ਮੀਰੀ ਸਿੱਖ ਬੀਬੀ ਅਤੇ ਉਸ ਦੇ ਪਤੀ ਨੂੰ ਦਿੱਲੀ ਗੁਰਦੁਆਰਾ ਕਮੇਟੀ ਨੇ ਦਿੱਤੀ ਨੌਕਰੀ
Monday, Jul 05, 2021 - 10:22 AM (IST)
ਨਵੀਂ ਦਿੱਲੀ– ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਸ਼ਮੀਰ ਦੀ ਸਿੱਖ ਬੀਬੀ ਮਨਮੀਤ ਕੌਰ ਅਤੇ ਉਸ ਦੇ ਪਤੀ ਸੁਖਪ੍ਰੀਤ ਸਿੰਘ ਨੂੰ ਕਮੇਟੀ ਵਿਚ ਨੌਕਰੀ ਦੇ ਦਿੱਤੀ ਹੈ। ਮਨਮੀਤ ਕੌਰ ਨੂੰ ਕਮੇਟੀ ਵਿਚ ਕਲਰਕ ਜਦਕਿ ਉਸ ਦੇ ਪਤੀ ਸੁਖਪ੍ਰੀਤ ਸਿੰਘ ਨੂੰ ਜੇ. ਈ. ਏ. ਸੀ. ਨਿਯੁਕਤ ਕੀਤਾ ਗਿਆ ਹੈ। ਦੋਹਾਂ ਦਾ ਪ੍ਰਬੋਸ਼ਨ ਪੀਰੀਅਡ 1 ਸਾਲ ਦਾ ਹੋਵੇਗਾ।
ਇਹ ਵੀ ਪੜ੍ਹੋ : ਕਸ਼ਮੀਰ 'ਚ ਜ਼ਬਰਨ ਧਰਮ ਪਰਿਵਰਤਨ ਦਾ ਸ਼ਿਕਾਰ ਹੋਈ ਸਿੱਖ ਕੁੜੀ ਦਾ ਸਿੱਖ ਮੁੰਡੇ ਨਾਲ ਹੋਇਆ ਵਿਆਹ
ਮਨਮੀਤ ਨੂੰ ਅਗਵਾ ਕਰ ਕੇ ਕੀਤਾ ਗਿਆ ਸੀ ਧਰਮ ਤਬਦੀਲ
ਗੁਰਦੁਆਰਾ ਕਮੇਟੀ ਨੇ ਨੌਕਰੀ ਦੇ ਨਾਲ ਹੀ ਇਸ ਜੋੜੇ ਨੂੰ ਰਿਹਾਇਸ਼ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਦੇ ਸਟਾਫ਼ ਕੁਆਰਟਰ ਵਿਚ ਦਿੱਤੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦਾ ਇਹ ਪਹਿਲਾ ਮਾਮਲਾ ਹੋਵੇਗਾ, ਜਦੋਂ ਦੂਜੇ ਸੂਬੇ ਦੇ ਮੁੰਡੇ ਅਤੇ ਕੁੜੀ ਨੂੰ ਲਿਆ ਕੇ ਇਥੇ ਨੌਕਰੀ ਦਿੱਤੀ ਗਈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦੋਵੇਂ ਖੁਸ਼ੀ ਨਾਲ ਰਹਿ ਰਹੇ ਹਨ ਅਤੇ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਇਨ੍ਹਾਂ ਨੌਕਰੀਆਂ ਕਾਰਨ ਇਕ ਬਿਹਤਰ ਜੀਵਨ ਦਾ ਗੁਜ਼ਾਰਾ ਕਰ ਸਕਣਗੇ। ਸਿਰਸਾ ਨੇ ਕਿਹਾ ਕਿ ਕਸ਼ਮੀਰੀ ਸਿੱਖਾਂ ਲਈ ਡਟ ਕੇ ਖੜੇ ਹੋਣਾ ਸਾਡਾ ਸਾਰਿਆਂ ਦਾ ਫਰਜ਼ ਸੀ ਕਿਉਂਕਿ ਅਸੀਂ ਸਿੱਖ ਕੌਮ ਵਲੋਂ ਦਿੱਤੀ ਗਈ ਸੇਵਾ ਮੁਤਾਬਕ ਕੰਮ ਕਰ ਰਹੇ ਹਾਂ। ਆਪਣੀਆਂ ਧੀਆਂ ਦਾ ਖਿਆਲ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ ਅਤੇ ਅਕਾਲ ਪੁਰਖ ਨੇ ਬਖਸ਼ੀਸ ਕੀਤੀ ਹੈ ਕਿ ਅਸੀਂ ਇਹ ਜ਼ਿੰਮੇਵਾਰੀ ਨਿਭਾਉਣ ਵਿਚ ਸਫ਼ਲ ਹੋਏ ਹਾਂ।
ਇਹ ਵੀ ਪੜ੍ਹੋ : 'ਅਮਿਤ ਸ਼ਾਹ ਵੱਲੋਂ ਜੰਮੂ ਕਸ਼ਮੀਰ 'ਚ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਭਰੋਸਾ'