ਦਿੱਲੀ ਵਾਸੀਆਂ ਲਈ ਰਾਹਤ; ਸਰਕਾਰ ਵਲੋਂ ਇਸ ਤਾਰੀਖ਼ ਤੱਕ ਜਾਰੀ ਰਹੇਗੀ ਮੁਫ਼ਤ ਰਾਸ਼ਨ ਸਕੀਮ
Thursday, Jun 30, 2022 - 12:09 PM (IST)
ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਕੈਬਨਿਟ ਨੇ ਮੁਫ਼ਤ ਰਾਸ਼ਨ ਦੇਣ ਦੀ ਸਕੀਮ ਨੂੰ 30 ਸਤੰਬਰ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ। ਕੇਜਰੀਵਾਲ ਮੁਤਾਬਕ ਇਸ ਕਦਮ ਨਾਲ ਕਰੀਬ 73 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਰੋਨਾ ਵਾਇਰਸ ਮਹਾਮਾਰੀ ਨੂੰ ਵੇਖਦੇ ਹੋਏ ਅਪ੍ਰੈਲ 2020 ਤੋਂ ਲੱਗਭਗ 73 ਲੱਖ ਨਾਗਰਿਕਾਂ ਨੂੰ ਮੁਫ਼ਤ ਰਾਸ਼ਨ ਦੀ ਸਪਲਾਈ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਪਿਛਲੇ 2 ਸਾਲਾਂ ਤੋਂ ਲੋਕਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾ ਰਹੀ ਹੈ। ਸਰਕਾਰ ਰਾਸ਼ਨ ਦੀਆਂ ਦੁਕਾਨਾਂ ਤੋਂ ਨਾਮ ਪੱਤਰ ਦੀ ਦਰ ’ਤੇ ਰਾਸ਼ਨ ਉਪਲੱਬਧ ਕਰਾਉਂਦੀ ਹੈ। ਉਨ੍ਹਾਂ ਨੇ ਕੈਬਨਿਟ ਦੀ ਬੈਠਕ ਮਗਰੋਂ ਕਿਹਾ ਕਿ ਅਸੀਂ ਇਸ ਯੋਜਨਾ ਨੂੰ 30 ਸਤੰਬਰ ਤੱਕ ਵਧਾ ਦਿੱਤਾ ਹੈ ਅਤੇ ਆਉਣ ਵਾਲੇ ਮਹੀਨਿਆਂ ’ਚ ਵੀ ਮੁਫ਼ਤ ਰਾਸ਼ਨ ਦੀ ਸਪਲਾਈ ਜਾਰੀ ਰੱਖਾਂਗੇ।
ਸਰਕਾਰ ਨੇ ਬਾਅਦ ’ਚ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਬੈਠਕ ਦੌਰਾਨ ਖ਼ੁਰਾਕ ਅਤੇ ਨਾਗਰਿਕ ਸਪਲਾਈ ਵਿਭਾਗ ਨੇ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ (ਐੱਨ. ਐੱਫ. ਐੱਸ. ਏ.) ਲਾਭ ਪਾਤਰੀਆਂ ਲਈ ਸਕੀਮ ਨੂੰ 4 ਮਹੀਨੇ ਯਾਨੀ ਕਿ ਜੂਨ ਤੋਂ ਸਤੰਬਰ 2022 ਤੱਕ ਵਧਾਉਣ ਦਾ ਪ੍ਰਸਤਾਵ ਦਿੱਤਾ। ਬਿਆਨ ’ਚ ਕਿਹਾ ਗਿਆਕਿ ਮੁੱਖ ਮੰਤਰੀ ਨੇ ਮਹਾਮਾਰੀ ਦੀ ਵਜ੍ਹਾ ਤੋਂ ਵੱਧਦੀ ਮਹਿੰਗਾਈ ਨੂੰ ਧਿਆਨ ’ਚ ਲਿਆ ਅਤੇ ਪ੍ਰਸਤਾਵ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਜਨਤਾ ਨੂੰ ਜ਼ਰੂਰੀ ਰਾਹਤ ਦੇਣ ਲਈ ਸਕੀਮ ਦਾ ਵਿਸਥਾਰ ਕਰਨਾ ਉੱਚਿਤ ਹੈ। ਦਿੱਲੀ ਸਰਕਾਰ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ, 2013 ਤਹਿਤ ਲਾਭ ਪਾਤਰੀਆਂ ਨੂੰ ਮੁਫ਼ਤ ਰਾਸ਼ਨ ਵੰਡਦੀ ਹੈ।