ਕੋਚਿੰਗ ਸੈਂਟਰਾਂ ਨੂੰ ਨਿਯਮਿਤ ਕਰਨ ਲਈ ਕਾਨੂੰਨ ਲਿਆਏਗੀ ਦਿੱਲੀ ਸਰਕਾਰ : ਆਤਿਸ਼ੀ

Wednesday, Jul 31, 2024 - 04:31 PM (IST)

ਕੋਚਿੰਗ ਸੈਂਟਰਾਂ ਨੂੰ ਨਿਯਮਿਤ ਕਰਨ ਲਈ ਕਾਨੂੰਨ ਲਿਆਏਗੀ ਦਿੱਲੀ ਸਰਕਾਰ : ਆਤਿਸ਼ੀ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਸਰਕਾਰ ਸ਼ਹਿਰ 'ਚ ਚੱਲ ਰਹੇ ਕੋਚਿੰਗ ਸੈਂਟਰਾਂ ਨੂੰ ਨਿਯਮਿਤ ਕਰਨ ਲਈ ਕਾਨੂੰਨ ਲਿਆਵੇਗੀ। ਕੈਬਨਿਟ ਮੰਤਰੀ ਆਤਿਸ਼ੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਹਫ਼ਤੇ ਰਾਸ਼ਟਰੀ ਰਾਜਧਾਨੀ ਦੇ ਪੁਰਾਣੇ ਰਾਜੇਂਦਰ ਨਗਰ ਇਲਾਕੇ 'ਚ ਇਕ ਕੋਚਿੰਗ ਸੈਂਟਰ ਦੀ ਇਮਾਰਤ ਦੇ ਬੇਸਮੈਂਟ 'ਚ ਮੀਂਹ ਦਾ ਪਾਣੀ ਭਰਨ ਕਾਰਨ ਸਿਵਲ ਸੇਵਾ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਆਤਿਸ਼ੀ ਨੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਕਾਨੂੰਨ ਬਣਾਉਣ ਲਈ ਸਰਕਾਰ ਇਕ ਕਮੇਟੀ ਬਣਾਏਗੀ, ਜਿਸ 'ਚ ਸਰਕਾਰੀ ਅਧਿਕਾਰੀ ਅਤੇ ਵੱਖ-ਵੱਖ ਕੋਚਿੰਗ ਸੈਂਟਰਾਂ ਦੇ ਵਿਦਿਆਰਥੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ,''ਕਾਨੂੰਨ 'ਚ ਬੁਨਿਆਦੀ ਢਾਂਚੇ, ਅਧਿਆਪਕਾਂ ਦੀ ਯੋਗਤਾ, ਫੀਸ ਨਿਯਮ ਅਤੇ ਗੁੰਮਰਾਹਕੁੰਨ ਇਸ਼ਤਿਹਾਰਾਂ ਦੇ ਪ੍ਰਸਾਰ ਨੂੰ ਰੋਕਣ ਦੇ ਸੰਬੰਧ 'ਚ ਪ੍ਰਬੰਧ ਹੋਣਗੇ। ਲੋਕਾਂ ਦੀ ਫੀਡਬੈਕ ਵੀ ਮੰਗੀ ਜਾਵੇਗੀ।'' ਆਤਿਸ਼ੀ ਨੇ ਕਿਹਾ ਕਿ ਦਿੱਲੀ ਨਗਰ ਨਿਗਮ (ਐੱਮਸੀਡੀ) ਨੇ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ 'ਬੇਸਮੈਂਟ' ਦੀ ਵਰਤੋਂ ਕਰਨ ਵਾਲੇ ਕੋਚਿੰਗ ਸੈਂਟਰਾਂ ਵਿਰੁੱਧ ਕਾਰਵਾਈ ਕੀਤੀ ਹੈ।

ਉਨ੍ਹਾਂ ਕਿਹਾ,''ਰਾਜੇਂਦਰ ਨਗਰ, ਮੁਖਰਜੀ ਨਗਰ, ਲਕਸ਼ਮੀ ਨਗਰ ਅਤੇ ਪ੍ਰੀਤ ਵਿਹਾਰ 'ਚ 30 ਕੋਚਿੰਗ ਸੈਂਟਰਾਂ ਦੇ ਬੇਸਮੈਂਟ ਸੀਲ ਕਰ ਦਿੱਤੇ ਗਏ ਹਨ, ਜਦੋਂ ਕਿ 200 ਹੋਰ ਕੋਚਿੰਗ ਸੈਂਟਰ ਨੂੰ ਨੋਟਿਸ ਜਾਰੀ ਕੀਤੇ ਗਏ ਹਨ।'' ਆਤਿਸ਼ੀ ਨੇ ਕਿਹਾ ਕਿ ਓਲਡ ਰਾਜੇਂਦਰ ਨਗਰ 'ਚ ਹੋਈ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੀ ਰਿਪੋਰਟ ਅਗਲੇ 6 ਦਿਨਾਂ 'ਚ ਆਏਗੀ। ਉਨ੍ਹਾਂ ਕਿਹਾ,''ਜੇਕਰ ਇਸ ਘਟਨਾ 'ਚ ਕਿਸੇ ਵੀ ਅਧਿਕਾਰੀ ਨੂੰ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਮਾਰਤ ਦੇ ਗੈਰ-ਕਾਨੂੰਨੀ ਇਸਤੇਮਾਲ ਕਾਰਨ ਓਲਡ ਰਾਜੇਂਦਰ ਨਗਰ ਦੀ ਘਟਨਾ ਹੋਈ।'' ਆਤਿਸ਼ੀ ਅਨੁਸਾਰ ਜਾਂਚ ਤੋਂ ਇਹ ਵੀ ਪਤਾ ਲੱਗੇਗਾ ਕਿ ਕਿਹੜੇ ਅਧਿਕਾਰੀ ਨੇ 'ਰਾਓ ਆਈ.ਏ.ਐੱਸ. ਸਟਡੀ ਸਰਕਿਲ' 'ਚ 'ਬੇਸਮੈਂਟ' ਦੇ ਗੈਰ-ਕਾਨੂੰਨੀ ਇਸਤੇਮਾਲ ਬਾਰੇ ਇਕ ਆਈ.ਏ.ਐੱਸ. ਵਿਦਿਆਰਥੀ ਵਲੋਂ ਐੱਮ.ਸੀ.ਡੀ. (ਦਿੱਲੀ ਨਗਰ ਨਿਗਮ) ਨੂੰ ਭੇਜੀ ਗਈ ਸ਼ਿਕਾਇਤ ਨੂੰ ਨਜ਼ਰਅੰਦਾਜ ਕੀਤਾ। ਉਨ੍ਹਾਂ ਕਿਹਾ ਕਿ ਮੈਜਿਸਟ੍ਰੇਟ ਜਾਂਚ ਤੋਂ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਕਿਹੜਾ ਅਧਿਕਾਰੀ ਸ਼ਿਕਾਇਤ ਪੋਰਟਲ ਦਾ ਇੰਚਾਰਜ ਸੀ, ਜਿੱਥੇ ਸ਼ਿਕਾਇਤ ਅਪਲੋਡ ਕੀਤੀ ਗਈ ਸੀ ਅਤੇ ਕਿਉਂ ਅਤੇ ਕਿਹੜੀ ਸ਼ਿਕਾਇਤ ਨੂੰ ਨਜ਼ਰਅੰਦਾਜ ਕੀਤਾ ਗਿਆ। ਗਵਾਲੀਅਰ ਦੇ ਇਕ ਸਿਵਲ ਸੇਵਾ ਵਿਦਿਆਰਥੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਸੀ ਕਿ ਉਸ ਨੇ ਸੰਸਥਾ ਦੇ 'ਬੇਸਮੈਂਟ' ਦਾ ਗੈਰ-ਕਾਨੂੰਨੀ ਇਸਤੇਮਾਲ ਕਰਨ ਬਾਰੇ ਐੱਮ.ਸੀ.ਡੀ. ਤੋਂ ਸ਼ਿਕਾਇਤ ਕੀਤੀ ਸੀ ਅਤੇ 15 ਤੇ 22 ਜੁਲਾਈ ਨੂੰ ਇਸ ਸੰਬੰਧ 'ਚ ਚਿੱਠੀ ਭੇਜੀ ਸੀ ਪਰ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News