ਦਿੱਲੀ ਸਰਕਾਰ 8 ਸ਼ਹੀਦ ਪਰਿਵਾਰਾਂ ਨੂੰ ਦੇਵੇਗੀ ਇਕ-ਇਕ ਕਰੋੜ ਦੀ ਸਨਮਾਨ ਰਾਸ਼ੀ

Thursday, Jan 26, 2023 - 12:45 PM (IST)

ਦਿੱਲੀ ਸਰਕਾਰ 8 ਸ਼ਹੀਦ ਪਰਿਵਾਰਾਂ ਨੂੰ ਦੇਵੇਗੀ ਇਕ-ਇਕ ਕਰੋੜ ਦੀ ਸਨਮਾਨ ਰਾਸ਼ੀ

ਨਵੀਂ ਦਿੱਲੀ, (ਨਵੋਦਿਆ ਟਾਈਮਜ਼)– ਦਿੱਲੀ ਸਰਕਾਰ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਪੁਲਸ ਤੇ ਹਥਿਆਰਬੰਦ ਫੋਰਸਾਂ ਦੇ 8 ਜਵਾਨਾਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਪ੍ਰਦਾਨ ਕਰੇਗੀ। ਇਹ ਐਲਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕੀਤਾ। ਇਨ੍ਹਾਂ ਸ਼ਹੀਦ ਮੁਲਾਜ਼ਮਾਂ ਵਿਚ ਸੀ.ਆਰ.ਪੀ.ਐੱਫ. ਦੀ 205 ਕੋਬਰਾ ਬਟਾਲੀਅਨ ’ਚ ਤਾਇਨਾਤ ਰਹੇ ਇੰਸਪੈਕਟਰ ਦਿਨੇਸ਼ ਕੁਮਾਰ, ਆਰਮੀ ਦੀ ਐਵੀਏਸ਼ਨ ਸਕਵਾਡ੍ਰਨ ਦੇ ਕੈਪਟਰ ਜਯੰਤ ਜੋਸ਼ੀ, ਦਿੱਲੀ ਪੁਲਸ ਦੇ ਏ.ਐੱਸ.ਆਈ. ਮਹਾਵੀਰ ਅਤੇ ਏ.ਐੱਸ.ਆਈ. ਰਾਧੇਸ਼ਿਆਮ, ਫਾਇਰ ਬ੍ਰਿਗੇਡ ਵਿਭਾਗ ਦੇ ਫਾਇਰ ਆਪਰੇਟਰ ਪਰਵੀਨ ਕੁਮਾਰ, ਹੋਮਗਾਰਡ ਦੇ ਜਵਾਨ ਭਰਤ ਸਿੰਘ ਅਤੇ ਨਰੇਸ਼ ਕੁਮਾਰ ਅਤੇ ਸਿਵਲ ਡਿਫੈਂਸ ਵਾਲੰਟੀਅਰ ਪੁਨੀਤ ਗੁਪਤਾ ਸ਼ਾਮਲ ਹਨ। ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਇਸ ਬਾਰੇ ਐਲਾਨ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਸ਼ਵਾਸ ਦਿੱਤਾ ਕਿ ਜੇਕਰ ਭਵਿੱਖ ਵਿਚ ਕੋਈ ਜ਼ਰੂਰਤ ਪਵੇਗੀ, ਉਦੋਂ ਵੀ ਦਿੱਲੀ ਸਰਕਾਰ ਹਮੇਸ਼ਾ ਇਨ੍ਹਾਂ ਪਰਿਵਾਰਾਂ ਦੇ ਨਾਲ ਖੜੀ ਰਹੇਗੀ। 

ਕੇਜਰੀਵਾਲ ਨੇ ਕਿਹਾ ਕਿ ਅਜੇ ਤਕ ਸਾਡੇ ਦੇਸ਼ ’ਚ ਵਿਵਸਥਾ ਬਹੁਤ ਖਰਾਬ ਸੀ। ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਪੁੱਛਣ ਵਾਲਾ ਕੋਈ ਨਹੀਂ ਸੀ। ਸਰਕਾਰਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਛੋਟੀ-ਮੋਟੀ ਰਾਸ਼ੀ ਦੇ ਦਿੱਤੀ ਜਾਂਦੀ ਸੀ, ਜੋ ਪਰਿਵਾਰ ਲਈ ਬਹੁਤ ਘੱਟ ਹੁੰਦੀ ਸੀ। ਅਜਿਹੇ ਸ਼ਹੀਦਾਂ ਦੀ ਜਾਨ ਦੀ ਕੋਈ ਕੀਮਤ ਤਾਂ ਨਹੀਂ ਲਗਾਈ ਜਾ ਸਕਦੀ ਪਰ ਦਿੱਲੀ ’ਚ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਤੈਅ ਕੀਤਾ ਕਿ ਅਸੀਂ ਅਜਿਹੇ ਸ਼ਹੀਦਾਂ ਨੂੰ ਸਨਮਾਨ ਦੇਣ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਉਨ੍ਹਾਂ ਨੂੰ 1-1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦੇਵਾਂਗੇ।
 


author

Rakesh

Content Editor

Related News