1984 ਸਿੱਖ ਵਿਰੋਧੀ ਦੰਗੇ : ਪੀੜਤਾਂ ਨੂੰ ਦਿੱਲੀ ਵਿਚ ਮੁਫ਼ਤ ਬਿਜਲੀ ਦੀ ਉਡੀਕ
Thursday, Aug 22, 2019 - 10:35 AM (IST)

ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਭਾਵੇਂ ਹੀ ਰਾਸ਼ਟਰੀ ਰਾਜਧਾਨੀ 'ਚ ਲੋਕਾਂ ਲਈ 200 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ ਕਰ ਦਿੱਤਾ ਹੈ ਪਰ 1984 ਦੇ ਸਿੱਖ ਵਿਰੋਧੀ ਦੰਗਾਂ ਪੀੜਤਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੀ। ਇਕ ਨਿਊਜ਼ ਏਜੰਸੀ ਅਨੁਸਾਰ,''ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ ਵਲੋਂ ਮੁਹੱਈਆ ਕਰਵਾਏ ਗਏ ਕੁੱਲ 2,274 ਪੀੜਤ ਪਰਿਵਾਰ ਵਿਚੋਂ ਸਿਰਫ਼ 368 ਘਰਾਂ ਨੂੰ 400 ਯੂਨਿਟ ਤੱਕ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਆਪਣੇ 2019-20 ਦੇ ਬਜਟ ਭਾਸ਼ਣ 'ਚ ਦਿੱਲੀ ਦੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਦੋਂ ਤੋਂ 'ਆਪ' ਸੱਤਾ 'ਚ ਆਈ ਹੈ, ਦਿੱਲੀ ਦੇ 90 ਫੀਸਦੀ ਘਰਾਂ ਨੂੰ ਸਬਸਿਡੀ ਵਾਲੀ ਬਿਜਲੀ ਮਿਲ ਰਹੀ ਹੈ। ਸਿਸੋਦੀਆ ਨੇ ਕਿਹਾ,''ਇਸ ਤੋਂ ਇਲਾਵਾ 1984 ਸਿੱਖ ਵਿਰੋਧੀ ਦੰਗਾਂ ਪੀੜਤਾਂ ਲਈ ਘਰੇਲੂ ਬਿਜਲੀ ਦੀ ਖਪਤ 'ਤੇ 100 ਫੀਸਦੀ ਸਬਸਿਡੀ ਦੀ ਛੋਟ ਅਤੇ ਸਾਰੇ ਬਕਾਇਆ ਬਿੱਲ ਮੁਆਫ਼ ਕਰਨ ਲਈ ਇਕ ਵਿਸ਼ੇਸ਼ ਯੋਜਨਾ ਵੀ ਲਾਗੂ ਕੀਤੀ ਗਈ ਹੈ।'' ਪਰ ਸਰਕਾਰੀ ਅੰਕੜੇ ਦੱਸਦੇ ਹਨ ਕਿ ਮਾਰਚ ਤੱਕ ਸਿਰਫ 15 ਫੀਸਦੀ ਪੀੜਤ ਲੋਕਾਂ ਨੂੰ ਫਾਇਦਾ ਹੋਇਆ ਹੈ।
ਸਿਰਸਾ ਨੇ ਕਿਹਾ ਪੀੜਤ ਪਰਿਵਾਰਾਂ ਨੂੰ ਸਾਰੇ ਅਧਿਕਾਰ ਦਿੱਤੇ ਜਾਣ
ਬਿਜਲੀ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਹ ਯੋਜਨਾ ਜਲਦ ਹੀ ਸਾਰੇ ਪਰਿਵਾਰਾਂ ਤੱਕ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਹੌਲੀ ਰਫ਼ਤਾਰ ਨੂੰ ਅਣਉੱਚਿਤ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ,''ਪੀੜਤ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਦਾ ਅਧਿਕਾਰ ਹੈ। ਅਸੀਂ ਵਾਰ-ਵਾਰ ਮੰਗ ਕੀਤੀ ਹੈ ਕਿ ਪੀੜਤ ਪਰਿਵਾਰਾਂ ਨੂੰ ਉਨ੍ਹਾਂ ਦੇ ਸਾਰੇ ਅਧਿਕਾਰ ਦਿੱਤੇ ਜਾਣ।''
3 ਹਜ਼ਾਰ ਸਿੱਖ ਮਾਰ ਦਿੱਤੇ ਗਏ ਸਨ
ਜ਼ਿਕਰਯੋਗ ਹੈ ਕਿ ਦਿੱਲੀ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ 2 ਸਿੱਖ ਕਰਮਚਾਰੀਆਂ ਵਲੋਂ ਕਤਲ ਤੋਂ ਬਾਅਦ ਹੋਏ ਦੰਗਿਆਂ 'ਚ ਦਿੱਲੀ 'ਚ 3 ਹਜ਼ਾਰ ਸਿੱਖ ਮਾਰ ਦਿੱਤੇ ਗਏ ਸਨ। ਇਕ ਅਗਸਤ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਸ਼ਹਿਰ ਦੇ ਲੋਕਾਂ ਨੂੰ ਪ੍ਰਤੀ ਮਹੀਨੇ 200 ਯੂਨਿਟ ਬਿਜਲੀ ਦੀ ਖਪਤ ਲਈ ਕੁਝ ਵੀ ਨਹੀਂ ਦੇਣਾ ਹੋਵੇਗਾ। ਕੇਜਰੀਵਾਲ ਨੇ ਕਿਹਾ ਸੀ ਕਿ 201 ਅਤੇ 400 ਯੂਨਿਟ ਪ੍ਰਤੀ ਮਹੀਨੇ ਬਿਜਲੀ ਦੀ ਖਪਤ ਲਈ ਬਿਜਲੀ ਬਿੱਲ 'ਤੇ ਲਗਭਗ 50 ਫੀਸਦੀ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ।