ਕੇਜਰੀਵਾਲ ਦਾ ਦਾਅਵਾ, ਦਿੱਲੀ ਸਰਕਾਰ ਦੀਆਂ ਮੁਫ਼ਤ ਸੇਵਾ ਯੋਜਨਾਵਾਂ ਨੇ ਮਹਿੰਗਾਈ ਤੋਂ ਦਿਵਾਈ ਰਾਹਤ

09/13/2023 1:41:18 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਰਾਸ਼ਟਰੀ ਰਾਜਧਾਨੀ 'ਚ ਮਹਿੰਗਾਈ ਸਭ ਤੋਂ ਘੱਟ ਹੈ ਅਤੇ ਮੁਫ਼ਤ ਸਿੱਖਿਆ, ਇਲਾਜ, ਬਿਜਲੀ ਅਤੇ ਪਾਣੀ ਦੀ ਸਪਲਾਈ ਵਰਗੀਆਂ ਯੋਜਨਾਵਾਂ ਨੇ ਇੱਥੇ ਦੇ ਲੋਕਾਂ ਨੂੰ ਬੇਹੱਦ ਰਾਹਤ ਪਹੁੰਚਾਈ ਹੈ। ਮੰਗਲਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਅਨੁਸਾਰ, ਮੁੱਖ ਰੂਪ ਨਾਲ ਸਬਜ਼ੀਆਂ ਦੀ ਕੀਮਤ 'ਚ ਨਰਮੀ ਨਾਲ ਪ੍ਰਚੂਨ ਮਹਿੰਗਾਈ ਅਗਸਤ ਤੋਂ ਘੱਟ ਕੇ 6.83 ਫੀਸਦੀ 'ਤੇ ਆ ਗਈ ਹੈ। ਜੁਲਾਈ 'ਚ ਪ੍ਰਚੂਨ ਮਹਿੰਗਾਈ ਦਰ 15 ਮਹੀਨਿਆਂ ਦੇ ਉੱਚੇ ਪੱਧਰ 7.44 ਫੀਸਦੀ 'ਤੇ ਪਹੁੰਚ ਗਈ ਸੀ। ਹਾਲਾਂਕਿ ਇਹ ਅਜੇ ਵੀ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਸੰਤੋਸ਼ਜਨਕ ਪੱਧਰ ਤੋਂ ਉੱਪਰ ਹੈ। ਕੇਜਰੀਵਾਲ ਨੇ ਇਕ ਖ਼ਬਰ ਸਾਂਝੀ ਕੀਤੀ, ਜਿਸ 'ਚ ਕੁਝ ਸੂਬਿਆਂ 'ਚ ਮਹਿੰਗਾਈ ਦੇ ਅੰਕੜਿਆਂ ਦੀ ਤੁਲਨਾ ਰਾਸ਼ਟਰੀ ਔਸਤ ਨਾਲ ਕੀਤੀ ਗਈ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਜਾਰੀ ਪੋਸਟ 'ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀਆਂ ਮੁਫ਼ਤ ਸੇਵਾ ਯੋਜਨਾਵਾਂ ਨੇ ਦਿੱਲੀ ਦੀ ਜਨਤਾ ਨੂੰ ਮਹਿੰਗਾਈ ਤੋਂ ਰਾਹਤ ਦਿਵਾਈ ਹੈ। 

PunjabKesari

ਕੇਜਰੀਵਾਲ ਨੇ ਕਿਹਾ,''ਅੰਕੜਿਆਂ ਅਨੁਸਾਰ ਹਰ ਗੱਲ ਦੀ ਤਰ੍ਹਾਂ ਦਿੱਲੀ 'ਚ ਮਹਿੰਗਾਈ ਸਭ ਤੋਂ ਘੱਟ ਹੈ। ਦਿੱਲੀ ਸਰਕਾਰ ਦੀ ਮੁਫ਼ਤ ਸਿੱਖਿਆ, ਮੁਫ਼ਤ ਇਲਾਜ, ਔਰਤਾਂ ਲਈ ਮੁਫ਼ਤ ਆਵਾਜਾਈ, ਮੁਫ਼ਤ ਬਿਜਲੀ-ਪਾਣੀ, ਮੁਫ਼ਤ ਤੀਰਥ ਯਾਤਰਾ ਨੇ ਲੋਕਾਂ ਨੂੰ ਭਾਰੀ ਰਾਹਤ ਪਹੁੰਚਾਈ ਹੈ।'' ਰਾਸ਼ਟਰੀ ਅੰਕੜਾ ਦਫ਼ਤਰ (ਐੱਨ.ਐੱਸ.ਓ.) ਨੇ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਭੋਜਨ ਮਹਿੰਗਾਈ ਅਗਸਤ ਮਹੀਨੇ 9.94 ਫੀਸਦੀ ਰਹੀ, ਜੋ ਇਸ ਤੋਂ ਪਿਛਲੇ ਮਹੀਨੇ ਯਾਨੀ ਜੁਲਾਈ 'ਚ 11.51 ਫੀਸਦੀ ਸੀ। ਉਪਭੋਗਤਾ ਮੁੱਲ ਸੂਚਕਾਂਕ ਆਧਾਰਤ ਮਹਿੰਗਾਈ ਪਿਛਲੇ ਸਾਲ ਅਗਸਤ 'ਚ 7 ਫੀਸਦੀ ਸੀ। ਆਰ.ਬੀ.ਆਈ. ਨੇ ਚਾਲੂ ਵਿੱਤ ਸਾਲ 'ਚ ਮਹਿੰਗਾਈ 5.4 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


DIsha

Content Editor

Related News