ਦਿੱਲੀ ਦੇ ਕਿਸਾਨ ਨੇ ਬਿਹਾਰ ਤੋਂ 20 ਮਜ਼ਦੂਰਾਂ ਦੀ ਵਾਪਸੀ ਲਈ ਹਵਾਈ ਜਹਾਜ਼ ਦੀਆਂ ਟਿਕਟਾਂ ਖਰੀਦੀਆਂ

08/23/2020 7:10:22 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਇਕ ਕਿਸਾਨ ਨੇ ਕੋਰੋਨਾ ਵਾਇਰਸ ਦੇ ਕਾਰਨ ਲਾਗੂ ਤਾਲਾਬੰਦੀ ਦੌਰਾਨ ਫਸੇ ਆਪਣੇ 10 ਮਜ਼ਦੂਰਾਂ ਨੂੰ ਹਵਾਈ ਜਹਾਜ਼ ਤੋਂ ਬਿਹਾਰ ਭੇਜਿਆ ਸੀ। ਹੁਣ ਇਸ ਕਿਸਾਨ ਨੇ ਉਨ੍ਹਾਂ ਨੂੰ ਅਤੇ 10 ਹੋਰ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਬੁਲਾਉਣ ਲਈ ਸਾਰਿਆਂ ਲਈ ਹਵਾਈ ਟਿਕਟਾਂ ਖਰੀਦੀਆਂ ਹਨ। ਪੱਪਨ ਸਿੰਘ ਨੇ ਆਪਣੇ ਮਜ਼ੂਦਰਾਂ ਨੂੰ ਵਾਪਸ ਬੁਲਾਉਣ ਲਈ ਇਕ ਲੱਖ ਤੋਂ ਵਧੇਰੇ ਰੁਪਏ ਦੀਆਂ ਟਿਕਟਾਂ ਖਰੀਦੀਆਂ ਹਨ, ਤਾਂ ਕਿ ਉਹ ਅਗਸਤ ਤੋਂ ਅਪ੍ਰੈਲ ਦਰਮਿਆਨ ਮਸ਼ਰੂਮ ਦੀ ਖੇਤੀ ਕਰ ਸਕੇ। ਇਨ੍ਹਾਂ 'ਚੋਂ ਕੁਝ ਮਜ਼ਦੂਰ 20 ਤੋਂ ਜ਼ਿਆਦਾ ਸਾਲਾਂ ਤੋਂ ਉਨ੍ਹਾਂ ਦੇ ਖੇਤਾਂ ਵਿਚ ਕੰਮ ਕਰ ਰਹੇ ਹਨ। ਇਨ੍ਹਾਂ 'ਚੋਂ 10 ਮਜ਼ਦੂਰ ਅਜਿਹੇ ਹਨ, ਜੋ ਪਹਿਲੀ ਵਾਰ ਹਵਾਈ ਯਾਤਰਾ ਕਰਨਗੇ ਅਤੇ ਉਹ 27 ਅਗਸਤ ਨੂੰ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਪਹੁੰਚਣਗੇ। ਉਹ ਦਿੱਲੀ ਦੇ ਤਿਗੀਪੁਰ ਪਿੰਡ 'ਚ ਪੱਪਨ ਸਿੰਘ ਨਾਲ ਮਸ਼ਰੂਮ ਦੀ ਖੇਤੀ ਕਰਨਗੇ। 

ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਵਿਚ ਆਪਣੇ ਜੱਦੀ ਪਿੰਡ ਤੋਂ ਨਵੀਨ ਰਾਮ ਨੇ ਫੋਨ 'ਤੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਵਾਈ ਯਾਤਰਾ ਕਰਨ ਲਈ ਉਹ ਉਤਸ਼ਾਹਿਤ ਹੈ। ਇਸ ਵਾਰ ਉਨ੍ਹਾਂ ਨੂੰ ਕੋਈ ਡਰ ਨਹੀਂ ਹੈ, ਕਿਉਂਕਿ ਉਹ ਇਸ ਤੋਂ ਪਹਿਲਾਂ ਮਈ 'ਚ ਹਵਾਈ ਯਾਤਰਾ ਕਰ ਚੁੱਕੇ ਹਨ। ਨਵੀਨ ਉਨ੍ਹਾਂ 10 ਮਜ਼ਦੂਰਾਂ ਵਿਚ ਸ਼ਾਮਲ ਹੈ, ਜੋ ਤਾਲਾਬੰਦੀ ਕਾਰਨ ਇੱਥੇ ਫਸ ਗਏ ਸਨ ਅਤੇ ਜਿਨ੍ਹਾਂ ਨੂੰ ਪੱਪਨ ਸਿੰਘ ਨੇ ਮਈ 'ਚ ਘਰ ਵਾਪਸੀ ਕਰਵਾਈ ਸੀ। 

ਨਵੀਨ ਨੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਜਾਣ ਲਈ ਰੇਲ ਟਿਕਟ ਬੁਕ ਕਰਨ ਦੀ ਕੋਸ਼ਿਸ਼ ਕੀਤੀ ਪਰ ਅਗਲੇ ਡੇਢ ਮਹੀਨੇ ਤੱਕ ਕੋਈ ਟਰੇਨ ਨਹੀਂ ਹੈ। ਨਵੀਨ ਨੇ ਅੱਗੇ ਕਿਹਾ ਕਿ ਜੇਕਰ ਅਸੀਂ ਟਰੇਨ ਦੀ ਉਡੀਕ ਕਰਾਂਗੇ ਤਾਂ ਇਸ ਮੌਸਮ 'ਚ ਅਸੀਂ ਮਸ਼ਰੂਮ ਦੀ ਖੇਤੀ ਨਹੀਂ ਕਰ ਸਕਾਂਗੇ। ਜਦੋਂ ਅਸੀਂ ਆਪਣੇ ਮਾਲਕ ਨੂੰ ਇਹ ਗੱਲ ਦੱਸੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸਾਡੇ ਲਈ ਹਵਾਈ ਜਹਾਜ਼ ਦੀ ਟਿਕਟ ਬੁਕ ਕਰਵਾ ਦੇਣਗੇ, ਤਾਂ ਕਿ ਕੋਈ ਦੇਰੀ ਨਾ ਹੋਵੇ। ਇਸ ਬਾਬਤ ਸਿੰਘ ਨੇ ਕਿਹਾ ਕਿ ਮੈਂ ਆਪਣੇ ਮਜ਼ਦੂਰਾਂ ਨਾਲ ਆਪਣੇ ਪਰਿਵਾਰ ਵਰਗਾ ਵਿਵਹਾਰ ਕਰਦਾ ਹਾਂ, ਕਿਉਂਕਿ ਪਿਛਲੇ 15 ਤੋਂ 20 ਸਾਲਾਂ ਤੋਂ ਮੇਰੇ ਨਾਲ ਕੰਮ ਕਰ ਰਹੇ ਹਨ। ਇਸ ਲਈ ਮੈਂ ਉਨ੍ਹਾਂ ਦੀਆਂ ਟਿਕਟਾਂ ਬੁਕ ਕੀਤੀਆਂ ਹਨ, ਤਾਂ ਕਿ ਉਹ ਇੱਥੇ ਕੰਮ ਕਰ ਕੇ ਆਪਣੀ ਰੋਜ਼ੀ-ਰੋਟੀ ਚਲਾ ਸਕਣ।


Tanu

Content Editor

Related News