ਦਿੱਲੀ ਚੋਣਾਂ : CAA ਦੇ ਵਿਰੋਧ ਵਾਲੇ ਸ਼ਾਹੀਨ ਬਾਗ ਤੇ ਜਾਮੀਆ ''ਚ ਵੋਟਿੰਗ ਲਈ ਲੰਬੀਆਂ ਲਾਈਨਾਂ

02/08/2020 11:59:40 AM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ 2020 ਨੂੰ ਲੈ ਕੇ ਅੱਜ ਭਾਵ ਸ਼ਨੀਵਾਰ ਨੂੰ ਦਿੱਲੀ 'ਚ ਵੋਟਾਂ ਪੈ ਰਹੀਆਂ ਹਨ। ਦਿੱਲੀ ਦੀ ਜਨਤਾ 'ਚ ਵੋਟਾਂ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਚੋਣਾਂ 'ਚ ਪ੍ਰਚਾਰ ਦਾ ਕੇਂਦਰ ਰਹੇ ਸ਼ਾਹੀਨ ਬਾਗ ਅਤੇ ਜਾਮੀਆ ਨਗਰ 'ਚ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਵਿਰੋਧ 'ਚ ਜਾਮੀਆ ਨਗਰ ਅਤੇ ਸ਼ਾਹੀਨ ਬਾਗ 'ਚ ਜ਼ਬਰਦਸਤ ਪ੍ਰਦਰਸ਼ਨ ਹੋਏ। ਫਿਲਹਾਲ ਇੱਥੇ ਪੋਲਿੰਗ ਬੂਥਾਂ 'ਤੇ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹਨ। ਵੋਟਰ ਇੱਥੇ ਸਵੇਰ ਤੋਂ ਹੀ ਲਾਈਨ 'ਚ ਖੜ੍ਹੇ ਹਨ। 

ਚੋਣ ਪ੍ਰਚਾਰ ਦੌਰਾਨ ਸ਼ਾਹੀਨ ਬਾਗ ਦਾ ਮੁੱਦਾ ਛਾਇਆ ਰਿਹਾ, ਉੱਥੇ ਹੀ ਜਾਮੀਆ ਹਿੰਸਾ ਦਾ ਮੁੱਦਾ ਦਿੱਲੀ ਚੋਣ ਪ੍ਰਚਾਰ 'ਚ ਉਛਲਿਆ। ਜੇਕਰ ਗੱਲ ਕੀਤੀ ਜਾਵੇ ਭਾਜਪਾ ਦੀ ਤਾਂ ਉਸ ਨੇ ਸ਼ਾਹੀਨ ਬਾਗ ਦੇ ਮੁੱਦੇ ਨੂੰ ਜ਼ੋਰਾਂ-ਸ਼ੋਰਾਂ ਨੂੰ ਚੁੱਕਿਆ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਕਿਉਂਕਿ ਇਨ੍ਹਾਂ ਦੋਹਾਂ ਮੁੱਦਿਆਂ 'ਤੇ ਨਾ ਹੀ ਕੇਜਰੀਵਾਲ ਬੋਲੇ ਅਤੇ ਨਾ ਹੀ ਦੋਹਾਂ ਥਾਵਾਂ 'ਤੇ ਗਏ। ਹਾਲਾਂਕਿ ਕੇਜਰੀਵਾਲ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਸੀ. ਏ. ਏ. ਨਾਲ ਜੁੜਿਆ ਪ੍ਰਦਰਸ਼ਨ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਸੀ, ਕਿਉਂਕਿ ਇਹ ਕਾਨੂੰਨ ਵਿਵਸਥਾ ਨਾਲ ਜੁੜਿਆ ਮੁੱਦਾ ਹੈ।

ਦੱਸਣਯੋਗ ਹੈ ਕਿ ਦਿੱਲੀ ਚੋਣਾਂ 'ਚ ਕੁੱਲ 672 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਦਿੱਲੀ ਦੇ 1,47,86,382 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣਾਵੀ ਮੁਕਾਬਲੇ 'ਚ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ (ਆਪ), ਭਾਜਪਾ ਅਤੇ ਕਾਂਗਰਸ ਮੁੱਖ ਰੂਪ ਨਾਲ ਚੋਣ ਮੈਦਾਨ ਵਿਚ ਹਨ। ਦਿੱਲੀ ਦੀਆਂ ਕੁੱਲ 70 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਚੋਣ ਮੈਦਾਨ ਵਿਚ ਹਨ। ਉਨ੍ਹਾਂ ਵਿਰੁੱਧ ਭਾਜਪਾ ਦੇ ਸੁਨੀਲ ਯਾਦਵ ਅਤੇ ਕਾਂਗਰਸ ਦੇ ਰੋਮੇਸ਼ ਸਭਰਵਾਲ ਚੋਣ ਮੈਦਾਨ ਵਿਚ ਹਨ।


Tanu

Content Editor

Related News