ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਚਰਚਾ ਦਾ ਵਿਸ਼ਾ ਬਣਿਆ ਭਾਜਪਾ ਦਫਤਰ ''ਚ ਲੱਗਾ ਪੋਸਟਰ
Tuesday, Feb 11, 2020 - 01:11 PM (IST)

ਨਵੀਂ ਦਿੱਲੀ—ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਸ਼ੁਰੂਆਤੀ ਰੁਝਾਨਾਂ 'ਚ ਰਾਜਧਾਨੀ 'ਚ ਇਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਇਨ੍ਹਾਂ ਰੁਝਾਨਾਂ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਿੱਲੀ ਸੂਬਾ ਦਫਤਰ 'ਚ ਲੱਗਾ ਇਕ ਪੋਸਟਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਇਸ ਪੋਸਟਰ ਦੇ ਆਉਣ ਤੋਂ ਬਾਅਦ ਅਟਕਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਕੀ ਭਾਜਪਾ ਨੇ ਨਤੀਜਿਆਂ ਤੋਂ ਪਹਿਲਾਂ ਹੀ ਆਪਣੀ ਹਾਰ ਸਵੀਕਾਰ ਕਰ ਲਈ ਹੈ।
ਭਾਜਪਾ ਦਫਤਰ 'ਚ ਜੋ ਪੋਸਟਰ ਲੱਗਾ ਹੈ, ਉਸ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੋਟੋ ਹੈ ਅਤੇ ਉਸ 'ਤੇ ਲਿਖਿਆ ਹੈ, '' ਜਿੱਤ ਤੋਂ ਅਸੀਂ ਹੰਕਾਰੀ ਨਹੀਂ ਹੁੰਦੇ ਅਤੇ ਹਾਰ ਤੋਂ ਅਸੀਂ ਨਿਰਾਸ਼ ਨਹੀਂ ਹੁੰਦੇ। ' ਇਸ ਪੋਸਟਰ ਨੂੰ ਭਾਜਪਾ ਦੀ ਦਿੱਲੀ ਯੂਨਿਟ ਨੇ ਲਾਇਆ ਹੈ ਹਾਲਾਂਕਿ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਭਾਜਪਾ ਨੇ ਦਾਅਵਾ ਕੀਤਾ ਸੀ ਕਿ ਨਤੀਜੇ ਸਾਰਿਆਂ ਨੂੰ ਹੈਰਾਨ ਕਰ ਦੇਣਗੇ।