ਬਾਰਿਸ਼ ਤੋਂ ਬਾਅਦ ਵੀ ਦਿੱਲੀ ''ਚ ਪ੍ਰਦੂਸ਼ਣ ਤੋਂ ਨਹੀਂ ਮਿਲੀ ਰਾਹਤ, AQI ''ਚ ਵੀ ਨ੍ਹੀਂ ਹੋਇਆ ਸੁਧਾਰ
Monday, Dec 23, 2024 - 07:28 PM (IST)
ਨੈਸ਼ਨਲ ਡੈਸਕ : ਦਿੱਲੀ 'ਚ ਸੋਮਵਾਰ ਨੂੰ ਮੀਂਹ ਦੇ ਬਾਵਜੂਦ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 'ਗੰਭੀਰ' ਸ਼੍ਰੇਣੀ 'ਚ ਬਣਿਆ ਹੋਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ, ਸੋਮਵਾਰ ਨੂੰ ਸ਼ਾਮ 4 ਵਜੇ AQI 406 ਦਰਜ ਕੀਤਾ ਗਿਆ, ਜੋ ਕਿ 24 ਘੰਟੇ ਦਾ ਔਸਤ ਸੀ। ਹਾਲਾਂਕਿ ਸਵੇਰੇ 'ਬਹੁਤ ਮਾੜੀ' ਸ਼੍ਰੇਣੀ ਤੋਂ AQI ਵਿੱਚ ਥੋੜ੍ਹਾ ਸੁਧਾਰ ਹੋਇਆ ਸੀ, ਪਰ ਦੁਪਹਿਰ ਤੱਕ ਇਹ ਫਿਰ ਤੋਂ 'ਗੰਭੀਰ' ਸ਼੍ਰੇਣੀ ਵਿੱਚ ਖਿਸਕ ਗਿਆ।
ਆਮ ਤੌਰ 'ਤੇ ਮੀਂਹ ਪ੍ਰਦੂਸ਼ਣ ਨੂੰ ਧੋ ਕੇ ਹਵਾ ਦੀ ਗੁਣਵੱਤਾ ਨੂੰ ਸੁਧਾਰਦਾ ਹੈ, ਪਰ ਦਿੱਲੀ ਵਿੱਚ ਅਜਿਹਾ ਨਹੀਂ ਹੋਇਆ। ਇਸ ਦਾ ਕਾਰਨ ਹਲਕੀ ਬਾਰਿਸ਼ ਅਤੇ ਧੀਮੀ ਹਵਾ ਦੀ ਰਫ਼ਤਾਰ ਦੱਸੀ ਜਾ ਰਹੀ ਹੈ, ਜਿਸ ਕਾਰਨ ਪ੍ਰਦੂਸ਼ਣ ਪੂਰੀ ਤਰ੍ਹਾਂ ਸਾਫ਼ ਨਹੀਂ ਹੋਇਆ। ਇਸ ਦੇ ਨਾਲ ਹੀ ਆਸਮਾਨ ਵਿਚ ਬਦਲ ਛਾਏ ਰਹੇ, ਜੋ ਪ੍ਰਦੂਸ਼ਕਾਂ ਨੂੰ ਉੱਪਰ ਵੱਲ ਉੱਡਣ ਤੋਂ ਰੋਕਦਾ ਹੈ। ਇਸ ਕਾਰਨ ਵਾਤਾਵਰਨ ਵਿੱਚ ਜ਼ਹਿਰੀਲੇ ਕਣ ਰਹਿ ਗਏ।
ਮਾਹਿਰਾਂ ਅਨੁਸਾਰ ਇਸ ਮੌਸਮ 'ਚ ਹਵਾ ਦੀ ਗੁਣਵੱਤਾ ਨੂੰ ਕੰਟਰੋਲ ਕਰਨਾ ਹੋਰ ਵੀ ਮੁਸ਼ਕਲ ਹੋ ਗਿਆ ਹੈ। ਪ੍ਰਦੂਸ਼ਣ ਕੰਟਰੋਲ ਦੇ ਉਪਾਵਾਂ ਦੇ ਬਾਵਜੂਦ ਸਥਿਤੀ 'ਚ ਸੁਧਾਰ ਨਹੀਂ ਹੋ ਰਿਹਾ ਹੈ। ਮੌਸਮ ਵਿਭਾਗ ਮੁਤਾਬਕ 26 ਦਸੰਬਰ ਦੀ ਸ਼ਾਮ ਤੋਂ ਦਿੱਲੀ 'ਚ ਇੱਕ ਹੋਰ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਮੌਸਮ ਮੁਤਾਬਕ ਦਿੱਲੀ 'ਚ 28 ਦਸੰਬਰ ਤੱਕ ਲਗਾਤਾਰ ਮੀਂਹ ਪੈ ਸਕਦਾ ਹੈ, ਜਿਸ ਨਾਲ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ। ਇਸ ਦੇ ਨਾਲ ਹੀ, ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦਾ ਚੌਥਾ ਪੜਾਅ 16 ਦਸੰਬਰ ਤੋਂ ਦਿੱਲੀ ਵਿੱਚ ਲਾਗੂ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਹੈ, ਹਾਲਾਂਕਿ ਇਨ੍ਹਾਂ ਕਦਮਾਂ ਦਾ ਅਸਰ ਤੁਰੰਤ ਨਜ਼ਰ ਨਹੀਂ ਆ ਰਿਹਾ ਹੈ।