ਖਰਾਬ ਹੋਈ ਦਿੱਲੀ ਦੀ ਆਬੋ-ਹਵਾ, ਛਾਈ ਧੁੰਦ ਦੀ ਚਿੱਟੀ ਚਾਦਰ

Tuesday, Oct 22, 2024 - 12:02 PM (IST)

ਨਵੀਂ ਦਿੱਲੀ- ਦਿੱਲੀ 'ਚ ਮੰਗਲਵਾਰ ਸਵੇਰੇ ਧੂੰਏਂ ਦੀ ਸੰਘਣੀ ਚਾਦਰ ਛਾਈ ਹੋਈ ਹੈ ਅਤੇ ਸ਼ਹਿਰ ਦੀ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਸ਼੍ਰੇਣੀ 'ਚ ਆ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ ਇਹ ਜਾਣਕਾਰੀ ਦਿੱਤੀ। ਬੋਰਡ ਨੇ ਕਿਹਾ ਕਿ 27 ਨਿਗਰਾਨੀ ਕੇਂਦਰ 'ਰੈੱਡ ਜ਼ੋਨ' ਵਿਚ ਹਨ। ਉਨ੍ਹਾਂ ਕਿਹਾ ਕਿ ਮੰਗਲਵਾਰ ਸਵੇਰੇ 9 ਵਜੇ ਸ਼ਹਿਰ ਦਾ ਹਵਾ ਗੁਣਵੱਤਾ ਸੂਚਕ ਅੰਕ (AQI) 317 ਦਰਜ ਕੀਤਾ ਗਿਆ।

ਬੋਰਡ ਨੇ ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ ਦੇ ਵਿਗੜਦੇ ਪੱਧਰ ਦਰਮਿਆਨ 'ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ' (GRAP) ਦੇ ਦੂਜੇ ਪੜਾਅ ਨੂੰ ਲਾਗੂ ਕੀਤਾ ਹੈ, ਜਿਸ ਦੇ ਤਹਿਤ ਕੋਲੇ ਅਤੇ ਲੱਕੜ ਨੂੰ ਸਾੜਨ ਦੇ ਨਾਲ-ਨਾਲ ਡੀਜ਼ਲ ਜਨਰੇਟਰ ਸੈੱਟਾਂ ਦੀ ਵਰਤੋਂ 'ਤੇ ਪਾਬੰਦੀ ਲਗਾਈ ਗਈ ਹੈ। ਮੁੰਡਕਾ, ਬਵਾਨਾ, ਵਜ਼ੀਰਪੁਰ, ਜਹਾਂਗੀਰਪੁਰੀ, ਆਨੰਦ ਵਿਹਾਰ, ਅਲੀਪੁਰ, ਅਸ਼ੋਕ ਵਿਹਾਰ, ਆਯਾ ਨਗਰ, ਬੁਰਾੜੀ, ਦਵਾਰਕਾ, ਮੰਦਰ ਮਾਰਗ ਸਮੇਤ ਕਈ ਖੇਤਰਾਂ ਵਿਚ ਹਵਾ ਦੀ ਗੁਣਵੱਤਾ "ਬਹੁਤ ਮਾੜੀ" ਸ਼੍ਰੇਣੀ ਵਿਚ ਪਹੁੰਚ ਗਈ ਹੈ। 

ਸ਼ਹਿਰ 'ਚ ਪ੍ਰਦੂਸ਼ਣ ਦੀ ਸਮੱਸਿਆ ਦੇ ਵਿਚਕਾਰ ਦਿੱਲੀ 'ਚ ਘੱਟੋ-ਘੱਟ ਤਾਪਮਾਨ 20.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਦੋ ਡਿਗਰੀ ਵੱਧ ਹੈ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਸਵੇਰੇ 8.30 ਵਜੇ ਨਮੀ 93 ਫੀਸਦੀ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਦਿਨ ਵੇਲੇ ਆਸਮਾਨ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ AQI ਨੂੰ 0 ਤੋਂ 50 ਵਿਚਕਾਰ 'ਚੰਗਾ', 51 ਅਤੇ 100 ਵਿਚਕਾਰ 'ਤਸੱਲੀਬਖਸ਼', 101 ਅਤੇ 200 ਵਿਚਕਾਰ 'ਮੱਧਮ', 201 ਅਤੇ 300 ਵਿਚਕਾਰ 'ਖਰਾਬ', 301 ਅਤੇ 400 ਨੂੰ 'ਬਹੁਤ ਖਰਾਬ' ਅਤੇ 401 ਅਤੇ 400 ਨੂੰ 'ਬਹੁਤ ਖਰਾਬ' ਅਤੇ 401 ਤੋਂ 500 ਵਿਚਕਾਰ 'ਗੰਭੀਰ' ਮੰਨਿਆ ਜਾਂਦਾ ਹੈ।


Tanu

Content Editor

Related News