ਸ਼ਾਹ ਦੀ ਮੀਟਿੰਗ ''ਚ ਕਾਂਗਰਸ ਦੀ ਮੰਗ- ਕੋਰੋਨਾ ਮਰੀਜ਼ਾਂ ਦੇ ਪਰਿਵਾਰਾਂ ਨੂੰ ਮਿਲਣ 10-10 ਹਜ਼ਾਰ ਰੁਪਏ

Monday, Jun 15, 2020 - 12:11 PM (IST)

ਨਵੀਂ ਦਿੱਲੀ- ਦਿੱਲੀ 'ਚ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਸਾਰੇ ਦਲਾਂ ਦੀ ਬੈਠਕ ਹੋਈ। ਸੂਤਰਾਂ ਦਾ ਕਹਿਣਾ ਹੈ ਕਿ ਬੈਠਕ 'ਚ ਕੋਰੋਨਾ ਨਾਲ ਨਜਿੱਠਣ ਲਈ ਕਾਂਗਰਸ ਨੇ ਕਈ ਅਹਿਮ ਸੁਝਾਅ ਦਿੱਤੇ ਹਨ। ਕਾਂਗਰਸ ਨੇ ਕਿਹਾ ਕਿ ਟੈਸਟਿੰਗ ਹਰ ਇਕ ਦਾ ਅਧਿਕਾਰ ਹੈ, ਇਸ ਲਈ ਸਾਰੇ ਲੋਕਾਂ ਦੀ ਟੈਸਟਿੰਗ ਹੋਣੀ ਚਾਹੀਦੀ ਹੈ। ਕਾਂਗਰਸ ਨੇ ਕੋਰੋਨਾ ਪ੍ਰਭਾਵਿਤ ਪਰਿਵਾਰਾਂ ਅਤੇ ਕੰਟੇਨਮੈਂਟ ਜ਼ੋਨ 'ਚ ਰਹਿਣ ਵਾਲੇ ਪਰਿਵਾਰਾਂ ਨੂੰ 10 ਹਜ਼ਾਰ ਰੁਪਏ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਡਾਕਟਰ ਅਤੇ ਮੈਡੀਕਲ ਸਟਾਫ਼ ਦੀ ਗਿਣਤੀ ਵਧਾਉਣ ਦਾ ਸੁਝਾਅ ਦਿੱਤਾ। ਇਸ ਲਈ ਨਰਸਿੰਗ, ਮੈਡੀਕਲ ਅਤੇ ਫਾਰਮਾ ਕਾਲਜ 'ਚ ਪੜ੍ਹ ਰਹੇ ਵਿਦਿਆਰਥੀਆਂ ਦੀ ਮਦਦ ਲੈਣ ਦਾ ਸੁਝਾਅ ਦਿੱਤਾ ਗਿਆ।

ਸ਼ਾਹ ਨੂੰ ਕਾਂਗਰਸ ਨੇ ਕਿਹਾ ਕਿ ਕੋਰੋਨਾ ਮਰੀਜ਼ਾਂ ਲਈ ਰੇਲਵੇ ਦੇ ਏਅਰਕੰਡੀਸ਼ਨ ਕੋਚ ਤੋਂ ਇਲਾਵਾ ਸਟੇਡੀਅਮ, ਪ੍ਰਦਰਸ਼ਨੀ ਸਥਾਨਾਂ, ਯੂਨੀਵਰਸਿਟੀ ਦੇ ਹੋਸਟਲ ਦੀ ਵਰਤੋਂ ਕੁਆਰੰਟੀਨ ਸੈਂਟਰ ਅਤੇ ਆਈਸੋਲੇਸ਼ਨ ਸੈਂਟਰ ਦੇ ਰੂਪ 'ਚ ਕੀਤੀ ਜਾਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਕੋਰੋਨਾ ਨੂੰ ਰੋਕਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੇ ਦਲਾਂ ਦੀ ਬੈਠਕ ਬੁਲਾਈ ਹੈ। ਇਸ ਬੈਠਕ 'ਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ, ਆਮ ਆਦਮੀ ਪਾਰਟੀ ਵਲੋਂ ਸੰਜੇ ਸਿੰਘ, ਕਾਂਗਰਸ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਅਨਿਲ ਚੌਧਰੀ ਮੌਜੂਦ ਸਨ। ਇਸ ਦੇ ਨਾਲ ਹੀ ਬੈਠਕ 'ਚ ਕੇਂਦਰੀ ਗ੍ਰਹਿ ਸਕੱਤਰ, ਕੇਂਦਰੀ ਸਿਹਤ ਸਕੱਤਰ, ਦਿੱਲੀ ਦੇ ਚੀਫ ਸਕੱਤਰ ਅਤੇ ਦਿੱਲੀ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਹੈਲਥ ਵੀ ਸ਼ਾਮਲ ਹਨ।

ਦਿੱਲੀ 'ਚ ਪਿਛਲੇ 24 ਘੰਟਿਆਂ 'ਚ 2224 ਨਵੇਂ ਮਰੀਜ਼ ਸਾਹਮਣੇ ਆਏ ਹਨ ਅਤੇ 56 ਲੋਕਾਂ ਦੀ ਮੌਤ ਹੋ ਗਈ ਹੈ। ਰਾਜਧਾਨੀ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 41,192 ਪਹੁੰਚ ਗਈ ਹੈ, ਜਦੋਂ ਤੱਕ ਹੁਣ ਤੱਕ 1327 ਲੋਕ ਆਪਣੀ ਜਾਨ ਗਵਾ ਚੁਕੇ ਹਨ। ਅਜਿਹੇ 'ਚ ਦਿੱਲੀ ਦੇ ਹਾਲਾਤਾਂ 'ਤੇ ਕਾਬੂ ਪਾਉਣਾ ਸਰਕਾਰ ਲਈ ਚੁਣੌਤੀ ਬਣਿਆ ਹੋਇਆ ਹੈ।


DIsha

Content Editor

Related News