ਦਿੱਲੀ ’ਚ ਪ੍ਰਦੂਸ਼ਣ ਖ਼ਿਲਾਫ ਜੰਗ; CM ਕੇਜਰੀਵਾਲ ਨੇ 150 ਇਲੈਕਟ੍ਰਿਕ ਬੱਸਾਂ ਨੂੰ ਵਿਖਾਈ ਹਰੀ ਝੰਡੀ
Tuesday, May 24, 2022 - 02:05 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ 150 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਕੇਜਰੀਵਾਲ ਨੇ ਉਨ੍ਹਾਂ ਬੱਸਾਂ ਵਿਚੋਂ ਇਕ ਦੀ ਸਵਾਰੀ ਵੀ ਕੀਤੀ। ਮੁੱਖ ਮੰਤਰੀ ਨੇ ਇੰਦਰਪ੍ਰਸਥ ਡਿਪੂ ਤੋਂ ਬੱਸਾਂ ਨੂੰ ਹਰੀ ਝੰਡੀ ਵਿਖਾਈ ਅਤੇ ਰਾਜਘਾਟ ਬੱਸ ਡਿਪੂ ਪਹੁੰਚਣ ਲਈ ਉਨ੍ਹਾਂ ਵਿਚੋਂ ਇਕ ’ਚ ਸਵਾਰ ਹੋ ਗਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਜਨਤਾ ਨੂੰ ਅਪੀਲ ਕੀਤੀ, ''ਇਹ ਤੁਹਾਡੀਆਂ ਬੱਸਾਂ ਹਨ। ਕਿਰਪਾ ਕਰਕੇ ਉਹਨਾਂ ਦਾ ਧਿਆਨ ਰੱਖੋ, ਉਨ੍ਹਾਂ ਨੂੰ ਗੰਦਾ ਨਾ ਕਰੋ।" ਦਿੱਲੀ ਸਰਕਾਰ ਨੇ ਅਗਲੇ 10 ਸਾਲਾਂ ’ਚ ਇਲੈਕਟ੍ਰਿਕ ਬੱਸਾਂ ਪ੍ਰਾਪਤ ਕਰਨ ਲਈ 1,862 ਕਰੋੜ ਰੁਪਏ ਅਲਾਟ ਕੀਤੇ ਹਨ, ਜਦਕਿ ਕੇਂਦਰ ਨੇ ਇਸ ਲਈ 150 ਕਰੋੜ ਰੁਪਏ ਦਿੱਤੇ ਹਨ।
ਕੇਜਰੀਵਾਲ ਨੇ ਕਿਹਾ ਕਿ ਇਕ ਸਾਲ 'ਚ 2,000 ਇਲੈਕਟ੍ਰਿਕ ਬੱਸਾਂ ਲਿਆਉਣ ਦਾ ਟੀਚਾ ਹੈ। ਕੇਂਦਰ ਤੋਂ ਮਿਲੀ ਰਾਸ਼ੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, ''ਅਸੀਂ ਕੇਂਦਰ ਦੇ ਧੰਨਵਾਦੀ ਹਾਂ। ਅਸੀਂ ਇਸ ਦਾ ਸਿਹਰਾ ਉਨ੍ਹਾਂ ਨੂੰ ਦਿੰਦੇ ਹਾਂ। ਦਿੱਲੀ ਵਿਚ ਕੰਮ ਹੋਣਾ ਚਾਹੀਦਾ ਹੈ।” ਇਸ ਮੌਕੇ ਉਨ੍ਹਾਂ ਦੇ ਨਾਲ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਅਤੇ ਮੁੱਖ ਸਕੱਤਰ ਨਰੇਸ਼ ਕੁਮਾਰ ਵੀ ਮੌਜੂਦ ਸਨ। ਕੇਜਰੀਵਾਲ ਨੇ ਦਿੱਲੀ ਦੇ ਨਵੇਂ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਦਾ ਵੀ ਸਵਾਗਤ ਕੀਤਾ ਅਤੇ ਕਿਹਾ, "ਅਸੀਂ ਦਿੱਲੀ ਨੂੰ ਨਵੀਆਂ ਉੱਚਾਈਆਂ 'ਤੇ ਲਿਜਾਉਣ ਲਈ ਮਿਲ ਕੇ ਕੰਮ ਕਰਾਂਗੇ।"