ਦਿੱਲੀ-NCR ’ਚ ਪ੍ਰਦੂਸ਼ਣ ਗੰਭੀਰ ਪੱਧਰ ’ਤੇ, ਆਊਟਡੋਰ ਖੇਡਾਂ ’ਤੇ ਪਾਬੰਦੀ

Sunday, Dec 14, 2025 - 06:01 PM (IST)

ਦਿੱਲੀ-NCR ’ਚ ਪ੍ਰਦੂਸ਼ਣ ਗੰਭੀਰ ਪੱਧਰ ’ਤੇ, ਆਊਟਡੋਰ ਖੇਡਾਂ ’ਤੇ ਪਾਬੰਦੀ

ਨਵੀਂ ਦਿੱਲੀ, (ਭਾਸ਼ਾ)- ਐਤਵਾਰ ਦਿੱਲੀ ਚੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ’ਚ ਹਵਾ ਦੇ ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼੍ਰੇਣੀ ’ਚ ਪਹੁੰਚ ਗਿਆ। ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ( ਏ.ਕਿਊ.ਆਈ) 400 ਨੂੰ ਪਾਰ ਕਰ ਗਿਆ। ਇਹ ਜਾਣਕਾਰੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਐਤਵਾਰ ਦਿੱਤੀ।

ਰਾਸ਼ਟਰੀ ਰਾਜਧਾਨੀ ’ਚ ਸ਼ਨੀਵਾਰ ਦੀ ਸਾਰੀ ਰਾਤ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਗਿਆ। ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਦਿੱਲੀ ਦਾ ਏ.ਕਿਊ.ਆਈ. 459, ਨੋਇਡਾ ਦਾ 469 ਤੇ ਗ੍ਰੇਟਰ ਨੋਇਡਾ ਦਾ 442 ਸੀ।

ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਿਆਰਾਂ ਅਨੁਸਾਰ 0 ਤੋਂ 50 ਦਰਮਿਆਨ ਏ. ਕਿਊ. ਆਈ. ਨੂੰ 'ਚੰਗਾ, 51 ਤੋਂ 100 ਦਰਮਿਆਨ ਨੂੰ ਤੱਸਲੀਬਖਸ਼, 101 ਤੋਂ 200 ਦਰਮਿਆਨ ਨੂੰ ਮੱਧਮ, 201 ਤੋਂ 300 ਦਰਮਿਆਨ ਨੂੰ ਮਾੜਾ, 301 ਤੋਂ 400 ਦਰਮਿਆਨ ਨੂੰ ਬਹੁਤ ਮਾੜਾ ਤੇ 401 ਤੋਂ 500 ਦਰਮਿਆਨ ਨੂੰ ਗੰਭੀਰ ਮੰਨਿਆ ਜਾਂਦਾ ਹੈ।

ਇਸ ਦੌਰਾਨ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਦਿੱਲੀ ਤੇ ਐੱਨ. ਸੀ. ਆਰ. ਦੀਆਂ ਸਰਕਾਰਾਂ ਨੂੰ ਸਾਰੀਆਂ ਆਊਟਡੋਰ ਖੇਡਾਂ ਨੂੰ ਤੁਰੰਤ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਚਿਤਾਵਨੀ ਵੀ ਦਿੱਤੀ ਹੈ ਕਿ ਹਵਾ ਦੀ ਮਾੜੀ ਗੁਣਵੱਤਾ ਦਰਮਿਅਆਨ ਅਜਿਹੇ ਸਮਾਗਮਾਂ ਦਾ ਨਿਰੰਤਰ ਆਯੋਜਨ ਬੱਚਿਆਂ ਲਈ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

ਕਮਿਸ਼ਨ ਨੇ ਸ਼ਨੀਵਾਰ ਦਿੱਲੀ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰਾਂ ਨੂੰ ਲਿਖੀ ਚਿੱਠੀ ’ਚ ਕਿਹਾ ਕਿ ਉਹ ਚਿੰਤਤ ਹੈ ਕਿ ਸੁਪਰੀਮ ਕੋਰਟ ਦੇ 19 ਨਵੰਬਰ ਨੂੰ ਜਾਰੀ ਕੀਤੇ ਗਏ ਨਿਰਦੇਸ਼ਾਂ ਦੇ ਬਾਵਜੂਦ ਦਿੱਲੀ-ਐੱਨ. ਸੀ. ਆਰ. ’ਚ ਕੁਝ ਸਕੂਲ ਤੇ ਅਦਾਰੇ ਅਜੇ ਵੀ ਆਊਟਡੋਰ ਖੇਡਾਂ ਦਾ ਆਯੋਜਨ ਕਰ ਰਹੇ ਹਨ।


author

Rakesh

Content Editor

Related News