ਭਾਜਪਾ ਨੇ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ਲਈ ਨਿਯੁਕਤ ਕੀਤੇ ਇੰਚਾਰਜ

Monday, Aug 21, 2023 - 01:37 PM (IST)

ਨਵੀਂ ਦਿੱਲੀ, (ਭਾਸ਼ਾ)- ਭਾਜਪਾ ਦੀ ਦਿੱਲੀ ਇਕਾਈ ਨੇ ਰਾਸ਼ਟਰੀ ਰਾਜਧਾਨੀ ਦੀਆਂ 7 ਸੰਸਦੀ ਸੀਟਾਂ ਲਈ ਇੰਚਾਰਜ ਨਿਯੁਕਤ ਕੀਤੇ ਹਨ, ਜਿਨ੍ਹਾਂ ’ਤੇ ਸੰਗਠਨਾਤਮਕ ਗਤੀਵਿਧੀਆਂ ’ਤੇ ਨਜ਼ਰ ਰੱਖਣ ਅਤੇ ਰਾਜਨੀਤਕ ਕੰਮਾਂ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਹੋਵੇਗੀ। ਭਾਜਪਾ ਦੀ ਦਿੱਲੀ ਇਕਾਈ ਦੇ ਜਰਨਲ ਸਕੱਤਰ ਹਰਸ਼ ਮਲਹੋਤਰਾ ਨੂੰ ਪੂਰਬੀ ਦਿੱਲੀ, ਦਿੱਲੀ ਇਕਾਈ ਦੇ ਉਪ-ਪ੍ਰਧਾਨ ਦਿਨੇਸ਼ ਪ੍ਰਤਾਪ ਸਿੰਘ ਨੂੰ ਨਵੀਂ ਦਿੱਲੀ, ਸਾਬਕਾ ਮੇਅਰ ਜੈਪ੍ਰਕਾਸ਼ ਨੂੰ ਪੱਛਮੀ ਦਿੱਲੀ ਅਤੇ ਕਮਲਜੀਤ ਸਹਰਾਵਤ ਨੂੰ ਉੱਤਰ-ਪੂਰਬੀ ਦਿੱਲੀ ਦਾ ਇੰਚਾਰਜ ਬਣਾਇਆ ਗਿਆ ਹੈ।

ਦਿੱਲੀ ਭਾਜਪਾ ਦੇ ਜਰਨਲ ਸਕੱਤਰ ਯੋਗਿੰਦਰ ਚੰਦੋਲੀਆ ਨੂੰ ਉੱਤਰ-ਪੱਛਮੀ ਦਿੱਲੀ ਲੋਕ ਸਭਾ ਹਲਕੇ ਦਾ ਇੰਚਾਰਜ ਬਣਾਇਆ ਗਿਆ ਹੈ, ਉੱਥੇ ਹੀ ਰਾਜੀਵ ਬੱਬਰ ਨੂੰ ਦੱਖਣੀ ਦਿੱਲੀ ਅਤੇ ਰਾਜੇਸ਼ ਭਾਟੀਆ ਨੂੰ ਚਾਂਦਨੀ ਚੌਕ ਸੀਟ ਦਾ ਇੰਚਾਰਜ ਬਣਾਇਆ ਗਿਆ ਹੈ। ਇਨ੍ਹਾਂ ’ਚੋਂ ਇਕ ਨੇ ਦੱਸਿਆ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਵਿਸ਼ੇਸ਼ ਤੌਰ ’ਤੇ ‘ਲੋਕ ਸਭਾ ਇੰਚਾਰਜਾਂ’ ਦੀ ਨਿਯੁਕਤੀ ਕੀਤੀ ਗਈ ਹੈ। ਦਿੱਲੀ ’ਚ ਭਾਜਪਾ ਦੇ ਮੀਡੀਆ ਵਿਭਾਗ ਦੇ ਪ੍ਰਧਾਨ ਪ੍ਰਵੀਣ ਸ਼ੰਕਰ ਕਪੂਰ ਨੇ ਕਿਹਾ ਕਿ ਲੋਕ ਸਭਾ ਇੰਚਾਰਜ ਯਕੀਨੀ ਬਣਾਉਣਗੇ ਕਿ ਪਾਰਟੀ ਦੇ ਸੰਗਠਨਾਤਮਕ ਅਤੇ ਸਿਆਸੀ ਪ੍ਰੋਗਰਾਮਾਂ ਦੀ ਯੋਜਨਾ ਚੋਣਾਂ ਤੋਂ ਘੱਟ ਤੋਂ ਘੱਟ 6 ਮਹੀਨੇ ਪਹਿਲਾਂ ਬਣਾ ਲਈ ਜਾਵੇ।


Rakesh

Content Editor

Related News