ਦਿੱਲੀ ''ਚ ਬੰਗਲਾਦੇਸ਼ ਹਾਈ ਕਮਿਸ਼ਨ ਦੀ ਵਧਾਈ ਗਈ ਸੁਰੱਖਿਆ
Tuesday, Dec 03, 2024 - 12:18 PM (IST)
ਨਵੀਂ ਦਿੱਲੀ (ਭਾਸ਼ਾ)- ਅਗਰਤਲਾ 'ਚ ਬੰਗਲਾਦੇਸ਼ ਦੇ ਵਣਜ ਦੂਤਘਰ 'ਤੇ ਪ੍ਰਦਰਸ਼ਨਕਾਰੀਆਂ ਦੇ ਹਮਲੇ ਦੇ ਇਕ ਦਿਨ ਬਾਅਦ ਦਿੱਲੀ ਪੁਲਸ ਨੇ ਮੰਗਲਵਾਰ ਨੂੰ ਦਿੱਲੀ 'ਚ ਚਾਣਕੀਆਪੁਰੀ ਸਥਿਤ ਬੰਗਲਾਦੇਸ਼ ਹਾਈ ਕਮਿਸ਼ਨ ਦੇ ਨੇੜੇ-ਤੇੜੇ ਸੁਰੱਖਿਆ ਵਧਾ ਦਿੱਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਹਾਈ ਕਮਿਸ਼ਨ ਦੇ ਚਾਰੇ ਪਾਸੇ ਐਡੀਸ਼ਨਲ ਪੁਲਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਅਸੀਂ ਇਹ ਵੀ ਯਕੀਨੀ ਕਰ ਰਹੇ ਹਾਂ ਕਿ ਇਸ ਦੇ ਕੰਪਲੈਕਸ ਦੇ ਨੇੜੇ-ਤੇੜੇ ਕੋਈ ਭੀੜ ਨਾ ਜੁਟੇ।''
ਅਧਿਕਾਰੀ ਨੇ ਦੱਸਿਆ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ ਜਾਰੀ ਹੈ, ਇਸ ਲਈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐੱਨ.ਐੱਸ.ਐੱਸ.) ਦੀ ਧਾਰਾ 163 ਮੱਧ ਦਿੱਲੀ 'ਚ ਲਾਗੂ ਹੈ। ਧਾਰਾ 163 ਪੰਜ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਉਂਦੀ ਹੈ। ਬੰਗਲਾਦੇਸ਼ 'ਚ ਹਿੰਦੂ ਸੰਤ ਚਿਨਮਯ ਕ੍ਰਿਸ਼ਨ ਦਾਸ ਦੀ ਗ੍ਰਿਫ਼ਤਾਰੀ ਦੇ ਨਾਲ-ਨਾਲ ਹਿੰਦੂ ਭਾਈਚਾਰੇ 'ਤੇ ਹਮਲੇ ਦੇ ਵਿਰੋਧ 'ਚ ਅਗਰਤਲਾ 'ਚ ਸੋਮਵਾਰ ਨੂੰ ਹਜ਼ਾਰਾਂ ਲੋਕਾਂ ਨੇ 'ਬੰਗਲਾਦੇਸ਼ੀ ਮਿਸ਼ਨ' ਕੋਲ ਵੱਡੇ ਪੈਮਾਨੇ 'ਤੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਬੰਗਲਾਦੇਸ਼ ਦੇ ਸਹਾਇਕ ਹਾਈ ਕਮਿਸ਼ਨ 'ਚ ਦਾਖ਼ਲ ਹੋ ਕੇ ਭੰਨ-ਤੋੜ ਕੀਤੀ, ਇਸ ਘਟਨਾ ਨੂੰ ਵਿਦੇਸ਼ ਮੰਤਰਾਲਾ (ਐੱਮ.ਈ.ਏ.) ਨੇ 'ਬੇਹੱਦ ਖੇਦਜਨਕ' ਦੱਸਿਆ। ਮੰਨਿਆ ਜਾਂਦਾ ਹੈ ਕਿ ਨਵੀਂ ਦਿੱਲੀ ਸਥਿਤ ਬੰਗਲਾਦੇਸ਼ ਹਾਈ ਕਮਿਸ਼ਨ ਨੇ ਅਗਰਤਲਾ ਸਥਿਤ ਆਪਣੇ ਮਿਸ਼ਨ 'ਚ ਹੋਈ ਉਲੰਘਣਾ 'ਤੇ ਵਿਰੋਧ ਦਰਜ ਕਰਵਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8