ਦਿੱਲੀ ਚੋਣਾਂ ’ਚ ਕੇਜਰੀਵਾਲ ਸ਼ਾਇਦ ਇਕ ਦਰਜਨ ਤੋਂ ਵੱਧ ਮੌਜੂਦਾ ਵਿਧਾਇਕਾਂ ਨੂੰ ਟਿਕਟ ਨਾ ਦੇਣ

Wednesday, Nov 20, 2024 - 07:06 PM (IST)

ਦਿੱਲੀ ਚੋਣਾਂ ’ਚ ਕੇਜਰੀਵਾਲ ਸ਼ਾਇਦ ਇਕ ਦਰਜਨ ਤੋਂ ਵੱਧ ਮੌਜੂਦਾ ਵਿਧਾਇਕਾਂ ਨੂੰ ਟਿਕਟ ਨਾ ਦੇਣ

ਨਵੀਂ ਦਿੱਲੀ- ਮਹਾਰਾਸ਼ਟਰ ਤੇ ਝਾਰਖੰਡ ’ਚ ਵਿਧਾਨ ਸਭਾ ਚੋਣਾਂ ਦੇ ਖਤਮ ਹੋਣ ਦੇ ਨਾਲ ਹੀ ਹੁਣ ਸਾਰਿਆਂ ਦਾ ਧਿਆਨ ਰਾਸ਼ਟਰੀ ਰਾਜਧਾਨੀ ’ਤੇ ਲੱਗ ਗਿਆ ਹੈ। ਇੱਥੇ ਭਾਜਪਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਾਹਰ ਕਰਨ ਦੀ ਜ਼ੋਰਦਾਰ ਕੋਸ਼ਿਸ਼ ਕਰ ਰਹੀ ਹੈ।

ਦਿੱਲੀ ’ਚ ਫਰਵਰੀ ਦੇ ਸ਼ੁਰੂ ’ਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਇਸ ਵਾਰ ‘ਆਪ’ ਅਤੇ ਭਾਜਪਾ ਵਿਚਾਲੇ ਸਖਤ ਟੱਕਰ ਹੈ। ਸ਼ਰਾਬ ਘਪਲੇ ’ਚ ਕਥਿਤ ਸ਼ਮੂਲੀਅਤ ਕਾਰਨ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ 10 ਸਾਲਾਂ ਤੋਂ ਚੱਲੀ ਆ ਰਹੀ ਸੱਤਾ ਵਿਰੋਧੀ ਲਹਿਰ ’ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

‘ਆਪ’ ਨੂੰ ਸ਼ਾਇਦ ਪਹਿਲੀ ਵਾਰ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਮੌਜੂਦਾ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਪਾਰਟੀ ਛੱਡ ਦਿੱਤੀ ਹੈ। ਇਹ ਵੱਖਰੀ ਗੱਲ ਹੈ ਕਿ ਭਾਜਪਾ ਤੇ ਕਾਂਗਰਸ ਦੇ ਆਗੂ ਵੀ ‘ਆਪ’ ’ਚ ਸ਼ਾਮਲ ਹੋ ਰਹੇ ਹਨ।

ਰਿਪੋਰਟਾਂ ਮੁਤਾਬਕ ਕੇਜਰੀਵਾਲ ਦਰਜਨ ਤੋਂ ਵੱਧ ਮੌਜੂਦਾ ਵਿਧਾਇਕਾਂ ਨੂੰ ਬਦਲਣ ਦੀ ਯੋਜਨਾ ਬਣਾ ਰਹੇ ਹਨ। ਪਾਰਟੀ ਦੀ ਅੰਦਰੂਨੀ ਗੱਲਬਾਤ ਦੌਰਾਨ ਵੀ ਉਹ ਇਸ ਬਾਰੇ ਸੰਕੇਤ ਦੇਣ ਲੱਗ ਪਏ ਹਨ।

ਇਨ੍ਹਾਂ ’ਚੋਂ ਕਈ ਵਿਧਾਇਕ ਦੋ-ਤਿੰਨ ਕਾਰਜਕਾਲਾਂ ਤੋਂ ਪਾਰਟੀ ’ਚ ਹਨ। ਹੁਣ ਨਵੇਂ ਚਿਹਰੇ ਲਿਆਉਣ ਦਾ ਸਮਾਂ ਆ ਗਿਆ ਹੈ। ਉਹ ਪਾਰਟੀ ’ਚ ਕੁਝ ਪ੍ਰਸਿੱਧ ਹਸਤੀਆਂ ਨੂੰ ਲਿਆ ਸਕਦੇ ਹਨ। ਦੂਜੀਆਂ ਪਾਰਟੀਆਂ ਤੋਂ ਅਾਏ ਲੋਕਾਂ ਨੂੰ ਪੁਰਸਕਾਰ ਦੇ ਕੇ ਇਹ ਸੰਕੇਤ ਦੇ ਸਕਦੇ ਹਨ ਕਿ ਉਹ ਖੁੱਲ੍ਹੇ ਦਿਲ ਵਾਲੇ ਹਨ।

ਕੇਜਰੀਵਾਲ ਨੂੰ ਪਤਾ ਹੈ ਕਿ ਕਾਂਗਰਸ ਨੇ ਲੋਕ ਸਭਾ ਦੀਆਂ ਚੋਣਾਂ ਦੌਰਾਨ ਮੁਸਲਿਮ ਵੋਟਰਾਂ ਵਿਚ ਕੁਝ ਪਕੜ ਬਣਾ ਲਈ ਹੈ ਤੇ 99 ਸੀਟਾਂ ਜਿੱਤ ਲਈਆਂ ਹਨ। ਉਹ ਦਿੱਲੀ ਵਿਚ ਸ਼ਾਇਦ ‘ਅਾਪ’ ਨਾਲ ਗੱਠਜੋੜ ਕਰਨ ਲਈ ਤਿਆਰ ਨਾ ਹੋਵੇ। ਦੂਜੇ ਪਾਸੇ ‘ਆਪ’ ਪੰਜਾਬ ’ਚ ਵੀ ਆਪਣੀ ਛਾਪ ਛੱਡਣ ’ਚ ਨਾਕਾਮ ਰਹੀ ਹੈ, ਜਿੱਥੇ ਉਹ ਸੱਤਾ ’ਚ ਹੈ।

ਇਸ ਦਾ ਅਸਰ 2025 ’ਚ ਦਿੱਲੀ ਦੇ ਹਾਲਾਤ ’ਤੇ ਵੀ ਪੈ ਸਕਦਾ ਹੈ। ਇਸੇ ਲਈ ਕੇਜਰੀਵਾਲ ਕਈ ਮੁਸਲਿਮ ਨੇਤਾਵਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਦਿਨ ਪਹਿਲਾਂ ਕਾਂਗਰਸ ਦੇ ਨੇਤਾ ਮਤੀਨ ਅਹਿਮਦ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ‘ਆਪ’ ’ਚ ਸ਼ਾਮਲ ਹੋਏ ਸਨ।

ਉਨ੍ਹਾਂ ਇਮਰਾਨ ਹੁਸੈਨ ਨੂੰ ਦਿੱਲੀ ਸਰਕਾਰ ’ਚ ਮੰਤਰੀ ਬਣਾਇਆ ਤੇ ਕਈ ਮੁਸ਼ਕਲਾਂ ਦੇ ਬਾਵਜੂਦ ਅਮਾਨਤੁੱਲਾ ਖਾਨ ਨੂੰ ਵਕਫ਼ ਬੋਰਡ ਦਾ ਚੇਅਰਮੈਨ ਬਣਾਈ ਰੱਖਿਆ।

ਭਾਜਪਾ ਅਜਿਹੇ ਚਿਹਰੇ ਦੀ ਭਾਲ ਕਰ ਰਹੀ ਹੈ ਜਿਸ ਨੂੰ ਕੇਜਰੀਵਾਲ ਵਿਰੁੱਧ ਦਿੱਲੀ ਦੇ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਜਾ ਸਕੇ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਇਸ ਸੂਚੀ ’ਚ ਸਭ ਤੋਂ ਉੱਪਰ ਹਨ। ਇਸ ਦੇ ਨਾਲ ਹੀ ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਦਿੱਲੀ ’ਚ ਪ੍ਰਚਾਰ ਮੁਹਿੰਮ ਦੀ ਅਗਵਾਈ ਕਰਨ ਲਈ ਲਿਆਂਦਾ ਜਾ ਸਕਦਾ ਹੈ।


author

Rakesh

Content Editor

Related News