ਭਾਜਪਾ ਰਮੇਸ਼ ਬਿਧੂੜੀ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਬਣਾਏਗੀ ਉਮੀਦਵਾਰ : ਆਤਿਸ਼ੀ
Saturday, Jan 11, 2025 - 12:52 AM (IST)
ਨਵੀਂ ਦਿੱਲੀ, (ਯੂ. ਐੱਨ. ਆਈ.)- ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਧ ਮੰਦਾ ਬੋਲਣ ਵਾਲੇ ਨੇਤਾ ਰਮੇਸ਼ ਬਿਧੂੜੀ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਬਣਾਏਗੀ।
ਆਤਿਸ਼ੀ ਨੇ ਸ਼ੁੱਕਰਵਾਰ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੂਰੀ ਦਿੱਲੀ ਭਾਜਪਾ ਨੂੰ ਸਿਰਫ਼ ਇਕ ਹੀ ਸਵਾਲ ਪੁੱਛ ਰਹੀ ਹੈ ਕਿ ਉਨ੍ਹਾਂ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੈ? ਦਿੱਲੀ ਦੀ ਹਰ ਗਲੀ, ਮੁਹੱਲੇ ਤੇ ਕਾਲੋਨੀ ’ਚ ਚਰਚਾ ਦਾ ਵਿਸ਼ਾ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਆਪਣਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ।
ਦਿੱਲੀ ਦੇ ਲੋਕ ਜਾਣਦੇ ਹਨ ਕਿ ਜੇ ਉਹ ਆਮ ਆਦਮੀ ਪਾਰਟੀ ਨੂੰ ਵੋਟ ਦਿੰਦੇ ਹਨ ਤਾਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣ ਜਾਣਗੇ ਪਰ ਜੇ ਉਹ ਮੰਦਾ ਬੋਲਣ ਵਾਲੀ ਪਾਰਟੀ ਨੂੰ ਵੋਟ ਦਿੰਦੇ ਹਨ ਤਾਂ ਉਨ੍ਹਾਂ ਦਾ ਮੁੱਖ ਮੰਤਰੀ ਕੌਣ ਬਣੇਗਾ?
ਉਨ੍ਹਾਂ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਭ ਤੋਂ ਵੱਧ ਮੰਦਾ ਬੋਲਣ ਵਾਲੇ ਨੇਤਾ ਰਮੇਸ਼ ਬਿਧੂੜੀ ਨੂੰ ਭਾਜਪਾ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਬਣਾਇਆ ਜਾਵੇਗਾ।