ਦਿੱਲੀ ਚੋਣਾਂ : ਕੇਜਰੀਵਾਲ ਵਿਰੁੱਧ ਉਮੀਦਵਾਰ ਉਤਾਰਨ ਲਈ ਕਾਂਗਰਸ, ਭਾਜਪਾ 'ਚ ਫਸਿਆ ਪੇਚ

01/20/2020 5:13:16 PM

ਨਵੀਂ ਦਿੱਲੀ (ਵਾਰਤਾ)— ਦਿੱਲੀ ਵਿਧਾਨ ਸਭਾ ਚੋਣਾਂ 8 ਫਰਵਰੀ ਨੂੰ ਹੋਣੀਆਂ ਹਨ। ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਦਾ ਹੁਣ ਸਿਰਫ ਇਕ ਦਿਨ ਬਾਕੀ ਰਹਿ ਗਿਆ ਹੈ ਪਰ ਭਾਜਪਾ ਅਤੇ ਕਾਂਗਰਸ ਅਜੇ ਤਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਉਮੀਦਵਾਰ ਤੈਅ ਨਹੀਂ ਕਰ ਸਕੀਆਂ ਹਨ। ਇੱਥੇ ਦੱਸ ਦੇਈਏ ਕਿ 21 ਸਾਲਾਂ ਤੋਂ ਸੱਤਾ 'ਚੋਂ ਬਾਹਰ ਰਹੀ ਭਾਜਪਾ ਨੇ 57 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਅਤੇ ਦੋ ਸੀਟਾਂ ਲਈ ਉਸ ਦਾ ਨਿਤੀਸ਼ ਕੁਮਾਰ ਅਗਵਾਈ ਵਾਲੀ ਜਨਤਾ ਦਲ ਯੂਨਾਈਟੇਡ ਨਾਲ ਸਮਝੌਤਾ ਹੋਇਆ ਹੈ। ਬਾਕੀ 11 ਸੀਟਾਂ 'ਤੇ ਪਾਰਟੀ ਨੇ ਆਪਣੇ ਉਮੀਦਵਾਰ ਅਜੇ ਐਲਾਨ ਨਹੀਂ ਕੀਤੇ ਹਨ, ਜਿਸ ਵਿਚ ਨਵੀਂ ਦਿੱਲੀ ਸੀਟ ਵੀ ਹੈ। 

ਨਵੀਂ ਦਿੱਲੀ ਸੀਟ ਤੋਂ ਕੇਜਰੀਵਾਲ ਇਕ ਵਾਰ ਫਿਰ ਤੋਂ ਮੈਦਾਨ ਵਿਚ ਹਨ। ਸਾਲ 2013 'ਚ ਪਹਿਲੀ ਵਾਰ ਮੈਦਾਨ 'ਚ ਉਤਰੇ ਕੇਜਰੀਵਾਲ ਨੇ ਨਵੀਂ ਦਿੱਲੀ ਸੀਟ ਤੋਂ 3 ਵਾਰ ਦਿੱਲੀ ਦੀ ਮੱਖ ਮੰਤਰੀ ਰਹੀ ਸ਼ੀਲਾ ਦੀਕਸ਼ਤ ਨੂੰ ਹਰਾਇਆ ਸੀ। ਭਾਜਪਾ ਨੇ ਅਜੇ ਤਕ ਨਵੀਂ ਦਿੱਲੀ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਨਹੀਂ ਕੀਤਾ ਹੈ। ਸਿੱਧੇ ਸ਼ਬਦਾਂ 'ਚ ਕੇਜਰੀਵਾਲ ਵਿਰੁੱਧ ਉਮੀਦਵਾਰ ਉਤਾਰਨ ਲਈ ਭਾਜਪਾ ਦੁਵਿਧਾ 'ਚ ਹੀ ਹੈ।

ਓਧਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ 54 ਉਮੀਦਵਾਰ ਐਲਾਨ ਕਰ ਦਿੱਤੇ ਹਨ ਅਤੇ 4 ਸੀਟਾਂ 'ਤੇ ਉਸ ਦਾ ਲਾਲੂ ਪ੍ਰਸਾਦ ਯਾਦਵ ਦੀ ਰਾਸ਼ਟਰੀ ਜਨਤਾ ਦਲ (ਰਾਜਗ) ਨਾਲ ਸਮਝੌਤਾ ਹੋਇਆ ਹੈ ਪਰ ਕਾਂਗਰਸ ਪਾਰਟੀ ਨੇ ਵੀ ਨਵੀਂ ਦਿੱਲੀ ਤੋਂ ਉਮੀਦਵਾਰ ਕੌਣ ਹੋਵੇਗਾ, ਇਸ ਦੇ ਅਜੇ ਤੱਕ ਪੱਤੇ ਨਹੀਂ ਖੋਲ੍ਹੇ ਹਨ। ਕਾਂਗਰਸ ਅਤੇ ਭਾਜਪਾ ਦੋਹਾਂ ਹੀ ਪਾਰਟੀਆਂ ਵਿਚ ਕੇਜਰੀਵਾਲ ਦੇ ਸਾਹਮਣੇ ਉਮੀਦਵਾਰ ਉਤਾਰਨ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਕਾਂਗਰਸ ਵਲੋਂ ਇਸ ਸੀਟ 'ਤੇ ਸ਼ੀਲਾ ਦੀਕਸ਼ਤ ਦੀ ਬੇਟੀ ਲਤਿਕਾ ਦੀਕਸ਼ਤ ਨੂੰ ਉਮੀਦਵਾਰ ਬਣਾਉਣ ਦੀਆਂ ਅਟਕਲਾਂ ਸਨ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਚੋਣਾਂ ਲੜਨ ਦੇ ਮੁੜ ਵਿਚ ਨਹੀਂ ਹੈ।


Tanu

Content Editor

Related News