ਯੁਵਾ ਕਾਂਗਰਸ ਨੇ ਖੇਤੀ ਭਵਨ ਦੇ ਬਾਹਰ ਕੀਤਾ ਪ੍ਰਦਰਸ਼ਨ, ਕਿਸਾਨਾਂ ਲਈ ਕੀਤੀ ਨਿਆਂ ਦੀ ਮੰਗ

Monday, Dec 21, 2020 - 05:10 PM (IST)

ਯੁਵਾ ਕਾਂਗਰਸ ਨੇ ਖੇਤੀ ਭਵਨ ਦੇ ਬਾਹਰ ਕੀਤਾ ਪ੍ਰਦਰਸ਼ਨ, ਕਿਸਾਨਾਂ ਲਈ ਕੀਤੀ ਨਿਆਂ ਦੀ ਮੰਗ

ਨਵੀਂ ਦਿੱਲੀ— ਕਾਂਗਰਸ ਦੇ ਨੌਜਵਾਨ ਸੰਗਠਨ ਭਾਰਤੀ ਯੁਵਾ ਕਾਂਗਰਸ ਨੇ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਖੇਤੀ ਭਵਨ ਦੇ ਸਾਹਮਣੇ ਸੋਮਵਾਰ ਯਾਨੀ ਕਿ ਅੱਜ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਲਈ ਨਿਆਂ ਦੀ ਮੰਗ ਕੀਤੀ। ਭਾਰਤੀ ਯੁਵਾ ਕਾਂਗਰਸ ਦੇ ਪ੍ਰਧਾਨ ਸ਼੍ਰੀਨਿਵਾਸ ਬੀ. ਵੀ. ਨੇ ਕਿਹਾ ਕਿ ਠੰਡ ਦੇ ਮੌਸਮ ’ਚ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ ਅਤੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 25 ਦਿਨਾਂ ’ਚ 25 ਤੋਂ ਵਧੇਰੇ ਕਿਸਾਨ ਇਸ ਅੰਦੋਲਨ ’ਚ ਸ਼ਹੀਦ ਹੋ ਚੁੱਕੇ ਹਨ।

ਸਰਕਾਰ ਨੂੰ ਕਿਸਾਨਾਂ ਦੀ ਤਾਕਤ ਨੂੰ ਘੱਟ ਨਹੀਂ ਮੰਨਣਾ ਚਾਹੀਦਾ। ਭਾਰਤੀ ਯੁਵਾ ਕਾਂਗਰਸ ਦੇ ਰਾਸ਼ਟਰੀ ਮੀਡੀਆ ਮੁਖੀ ਰਾਹੁਲ ਰਾਵ ਨੇ ਦੱਸਿਆ ਕਿ ਖੇਤੀ ਭਵਨ ਕੋਲ ਲਾਏ ਗਏ ਬੈਰੀਕੇਡ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ ਗਿਆ ਅਤੇ ਉਨ੍ਹਾਂ ਨੂੰ ਮੰਦਰ ਮਾਰਗ ਥਾਣਾ ਲਿਜਾਇਆ ਗਿਆ। ਓਧਰ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸੰਯੁਕਤ ਸਕੱਤਰ ਕ੍ਰਿਸ਼ਨਾ ਅੱਲਾਵਰੂ ਨੇ ਦੱਸਿਆ ਕਿ ਰਾਜ ਸਭਾ ਵਿਚ ਬਹੁਮਤ ਨਾ ਹੋਣ ਦੇ ਬਾਵਜੂਦ ਭਾਜਪਾ ਅਗਵਾਈ ਵਾਲੀ ਸਰਕਾਰ ਨੇ ਉੱਪਰੀ ਸਦਨ ਵਿਚ ਕਾਨੂੰਨ ਪਾਸ ਕਰਵਾਏ ਸਨ। ਉਨ੍ਹਾਂ ਨੇ ਕਿਹਾ ਕਿ ਇਹ ਲੋਕਤੰਤਰ ਦਾ ਕਤਲ ਹੈ। ਇਹ ਕਾਲੇ ਕਾਨੂੰਨ ਕਾਰੋਬਾਰੀ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਬਣਾਏ ਗਏ ਹਨ।


author

Tanu

Content Editor

Related News