ਨਸ਼ੀਲੇ ਪਦਾਰਥ ਦੀ ਤਸਕਰੀ ਦੇ ਦੋਸ਼ ''ਚ 2 ਗ੍ਰਿਫ਼ਤਾਰ, 2 ਕਰੋੜ ਦੀ ਹੈਰੋਇਨ ਜ਼ਬਤ
Saturday, Sep 03, 2022 - 01:11 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਰੋਹਿਣੀ ਇਲਾਕੇ ਤੋਂ ਦੋ ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਹਾਂ ਵਿਅਕਤੀਆਂ ਕੋਲੋਂ 2 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਹਿਸਟਰੀ ਸ਼ੀਟਰ ਮਨੀਸ਼ (34) ਦੇ ਰੋਹਿਣੀ ਇਲਾਕੇ 'ਚ ਹੋਣ ਦੀ ਗੁਪਤ ਸੂਚਨਾ ਮਿਲੀ ਸੀ। ਡਿਪਟੀ ਕਮਿਸ਼ਨਰ ਆਫ਼ ਪੁਲਸ (ਅਪਰਾਧ) ਵਿਚਿਤਰਵੀਰ ਨੇ ਦੱਸਿਆ ਕਿ ਪੁਲਸ ਟੀਮ ਨੇ ਇਕ ਕਾਰ ਨੂੰ ਰੋਕਿਆ ਜਿਸ ਵਿਚ ਮਨੀਸ਼ ਅਤੇ ਉਸ ਦਾ ਸਾਥੀ ਟਿੰਕੂ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਜਬਰ-ਜ਼ਿਨਾਹ ਦੇ ਦੋਸ਼ੀਆਂ ਨੂੰ ਹੁਣ ਰਹਿਣਾ ਪੈ ਸਕਦੈ ਆਖਰੀ ਸਾਹ ਤੱਕ ਜੇਲ੍ਹ ’ਚ
ਪੁਲਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੋਹਾਂ ਕੋਲੋਂ 1.3 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 2 ਕਰੋੜ ਰੁਪਏ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਨੀਸ਼ ਪੂਰਬੀ ਦਿੱਲੀ ਦੀ ਨੰਦ ਨਗਰੀ ਦਾ ਵਸਨੀਕ ਹੈ ਅਤੇ ਉਹ ਸਾਲ 2014 ਵਿਚ ਲਾਹੌਰੀ ਗੇਟ ਨੇੜੇ ਲੁੱਟ-ਖੋਹ ਦੇ ਇਕ ਕੇਸ ਵਿਚ 5 ਸਾਲ ਦੀ ਸਜ਼ਾ ਕੱਟ ਚੁੱਕਾ ਹੈ। ਉਸ ਨੇ ਦੱਸਿਆ ਕਿ ਸਾਲ 2019 'ਚ ਰਿਹਾਈ ਤੋਂ ਬਾਅਦ ਉਹ ਜੂਏ ਦੇ ਗੈਰ-ਕਾਨੂੰਨੀ ਧੰਦੇ 'ਚ ਸ਼ਾਮਲ ਹੋ ਗਿਆ ਅਤੇ ਘਾਟੇ ਕਾਰਨ ਦਿੱਲੀ-ਐੱਨ.ਸੀ.ਆਰ. (ਰਾਸ਼ਟਰੀ ਰਾਜਧਾਨੀ ਖੇਤਰ) 'ਚ ਨਸ਼ੀਲੇ ਪਦਾਰਥ ਵੇਚਣ ਲੱਗਾ। ਪੁਲਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੂਜਾ ਦੋਸ਼ੀ 34 ਸਾਲਾ ਟਿੰਕੂ ਸ਼ਾਹਦਰਾ ਦਾ ਰਹਿਣ ਵਾਲਾ ਹੈ ਅਤੇ ਮਨੀਸ਼ ਦਾ ਬਚਪਨ ਦਾ ਦੋਸਤ ਹੈ। ਉਨ੍ਹਾਂ ਦੱਸਿਆ ਕਿ ਟਿੰਕੂ ਨੂੰ ਪਹਿਲਾਂ ਹੀ ਆਬਕਾਰੀ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਸ ਨੇ ਦੱਸਿਆ ਕਿ ਟਿੰਕੂ ਦਿੱਲੀ-ਐੱਨ.ਸੀ.ਆਰ. ਵਿਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਵਿਚ ਮਨੀਸ਼ ਦੀ ਮਦਦ ਕਰਦਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ