''ਕੋਈ ਸਫ਼ਰ ਨਾ ਕਰਿਓ..!'' ਦਿੱਲੀ, ਚੰਡੀਗੜ੍ਹ, ਹਰਿਆਣਾ ਦੇ ਕਈ ਇਲਾਕਿਆਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Thursday, Jun 04, 2026 - 12:58 PM (IST)
ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ 'ਚ ਸੈਕਟਰ-34 ਸਥਿਤ ਨਗਰ ਨਿਗਮ (MCG) ਅਤੇ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੂਰੇ ਪ੍ਰਸ਼ਾਸਨਿਕ ਅਮਲੇ 'ਚ ਹੜਕੰਪ ਮਚ ਗਿਆ ਹੈ। ਇਹ ਧਮਕੀ ਭਰੀ ਈਮੇਲ 'ਖਾਲਿਸਤਾਨ ਨੈਸ਼ਨਲ ਆਰਮੀ' ਦੇ ਨਾਮ 'ਤੇ ਭੇਜੀ ਗਈ ਹੈ, ਜਿਸ 'ਚ ਸਪੱਸ਼ਟ ਤੌਰ 'ਤੇ ਲਿਖਿਆ ਗਿਆ ਹੈ ਕਿ ਹਰਿਆਣਾ ਨੂੰ ਖਾਲਿਸਤਾਨ ਬਣਾਇਆ ਜਾਵੇਗਾ ਅਤੇ ਦਰਬਾਰ ਸਾਹਿਬ 'ਤੇ ਹੋਈ ਕਾਰਵਾਈ ਦਾ ਬਦਲਾ ਲਿਆ ਜਾਵੇਗਾ।
ਧਮਕੀ ਭਰੀ ਮੇਲ
ਧਮਕੀ ਮਿਲਣ ਦੇ ਤੁਰੰਤ ਬਾਅਦ ਸਥਾਨਕ ਪੁਲਸ, ਡੌਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਨੇ ਮੋਰਚਾ ਸੰਭਾਲ ਲਿਆ ਅਤੇ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਸਰਕਾਰੀ ਕੰਪਲੈਕਸ ਨੂੰ ਖਾਲੀ ਕਰਵਾ ਕੇ ਕਰਮਚਾਰੀਆਂ ਅਤੇ ਆਮ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਧਮਕੀ ਭਰੀ ਮੇਲ 'ਚ ਦਾਅਵਾ ਕੀਤਾ ਗਿਆ ਹੈ ਕਿ ਗੁਰੂਗ੍ਰਾਮ ਮੇਅਰ ਅਤੇ ਨਗਰ ਨਿਗਮ ਦਫ਼ਤਰ 'ਚ ਦੁਪਹਿਰ 1:11 ਵਜੇ ਤੋਂ 3:11 ਵਜੇ ਦੇ ਵਿਚਕਾਰ ਆਈ.ਈ.ਡੀ. (IED) ਧਮਾਕੇ ਕੀਤੇ ਜਾਣਗੇ।
ਰੇਲਵੇ ਟ੍ਰੈਕ ਅਤੇ ਪ੍ਰਮੁੱਖ ਮੰਦਰ ਨਿਸ਼ਾਨੇ 'ਤੇ
ਇਸ ਧਮਕੀ 'ਚ ਸਿਰਫ਼ ਸਰਕਾਰੀ ਦਫ਼ਤਰ ਹੀ ਨਹੀਂ, ਸਗੋਂ ਰੇਲਵੇ ਅਤੇ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ। ਚੰਡੀਗੜ੍ਹ, ਅੰਬਾਲਾ ਅਤੇ ਦਿੱਲੀ ਦੇ ਵਿਚਕਾਰ 5-6 ਜੂਨ ਨੂੰ ਸਵੇਰੇ 9:11 ਵਜੇ ਰੇਲਵੇ ਟ੍ਰੈਕਾਂ 'ਤੇ ਆਈ.ਈ.ਡੀ. ਧਮਾਕੇ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਬਚਾਉਣ ਲਈ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਦਿੱਲੀ ਦੇ ਗੌਰੀ ਸ਼ੰਕਰ ਮੰਦਰ (ਚਾਂਦਨੀ ਚੌਕ), ਕਾਲਕਾ ਜੀ ਮੰਦਰ ਅਤੇ ਹਰਿਆਣਾ ਦੇ ਭੀਮਾ ਦੇਵੀ ਮੰਦਰ (ਪਿੰਜੌਰ) ਤੇ ਸਥਾਨੇਸ਼ਵਰ ਮਹਾਦੇਵ ਮੰਦਰ (ਕੁਰੂਕਸ਼ੇਤਰ) ਸਮੇਤ ਕਈ ਹੋਰ ਮੰਦਰਾਂ ਨੂੰ ਨਿਸ਼ਾਨਾ ਬਣਾਉਣ ਦੀ ਸੂਚੀ ਜਾਰੀ ਕੀਤੀ ਗਈ ਹੈ।
6 ਜੂਨ ਨੂੰ ਬਦਲਾ ਲੈਣ ਦੀ ਕਹੀ ਗੱਲ
ਈਮੇਲ 'ਚ 'ਬਦਲਾ, ਬਦਲਾ, ਬਦਲਾ' ਲਿਖ ਕੇ 6 ਜੂਨ 1984 ਨੂੰ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ 'ਚ ਭਾਰਤੀ ਫੌਜ ਦੀ ਕਾਰਵਾਈ ਦਾ ਹਵਾਲਾ ਦਿੱਤਾ ਗਿਆ ਹੈ। ਧਮਕੀ 'ਚ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਦਿੱਲੀ ਅਤੇ ਹਰਿਆਣਾ ਦੇ ਲੋਕਾਂ ਨੇ ਭਿੰਡਰਾਂਵਾਲੇ ਦੀ ਮੌਤ ਦੇ ਦਿਨ ਮਿਠਾਈਆਂ ਵੰਡੀਆਂ ਸਨ, ਜਿਸ ਕਾਰਨ 6 ਜੂਨ ਨੂੰ ਬਦਲਾ ਲੈਣ ਦੀ ਗੱਲ ਕਹੀ ਗਈ ਹੈ।
ਪਹਿਲਾਂ ਸਕੂਲਾਂ ਨੂੰ ਵੀ ਮਿਲ ਚੁੱਕੀਆਂ ਹਨ ਧਮਕੀਆਂ
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਕਿਉਂਕਿ ਇਕ ਮਹੀਨਾ ਪਹਿਲਾਂ ਵੀ ਗੁਰੂਗ੍ਰਾਮ ਦੇ ਕਈ ਨਾਮੀ ਸਕੂਲਾਂ, ਜਿਵੇਂ ਕਿ ਸਨਸਿਟੀ, ਸ਼੍ਰੀਰਾਮ, ਐਮਿਟੀ ਅਤੇ ਐਚ.ਡੀ.ਐਫ.ਸੀ. (The HDFC) ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ। ਉਸ ਸਮੇਂ ਵੀ ਦਿੱਲੀ ਅਤੇ ਗੁਰੂਗ੍ਰਾਮ ਪੁਲਿਸ ਨੇ ਸਾਂਝੀ ਮੁਹਿੰਮ ਚਲਾ ਕੇ ਸਕੂਲਾਂ ਨੂੰ ਸੈਨੀਟਾਈਜ਼ ਕੀਤਾ ਸੀ ਅਤੇ ਬੱਚਿਆਂ ਨੂੰ ਸੁਰੱਖਿਅਤ ਘਰ ਭੇਜਿਆ ਸੀ। ਫਿਲਹਾਲ ਸੁਰੱਖਿਆ ਏਜੰਸੀਆਂ ਇਸ ਨਵੀਂ ਧਮਕੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਵਿੱਚ ਜੁਟ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

