ਪ੍ਰਦੂਸ਼ਣ ਨੇ ਦਿੱਲੀ ਦੀ ਹਾਲਤ ਕੀਤੀ ਹੋਰ ਖਰਾਬ, ਸੰਘਣੀ ਧੁੰਦ ਕਾਰਨ 20 ਟਰੇਨਾਂ ਲੇਟ
Wednesday, Dec 25, 2024 - 11:14 AM (IST)
ਨਵੀਂ ਦਿੱਲੀ- ਸੀਤ ਲਹਿਰ ਅਤੇ ਗੰਭੀਰ ਪ੍ਰਦੂਸ਼ਣ ਨਾਲ ਜੂਝ ਰਹੀ ਦਿੱਲੀ ਵਿਚ ਅੱਜ ਸਵੇਰ ਤੋਂ ਸੰਘਣੀ ਧੁੰਦ ਛਾਈ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਘਣੀ ਧੁੰਦ ਅਤੇ ਘੱਟ ਵਿਜ਼ੀਬਿਲਟੀ ਕਾਰਨ ਕ੍ਰਿਸਮਸ ਦੀ ਸਵੇਰ ਨੂੰ ਵੱਡੀ ਰੁਕਾਵਟ ਆਈ, ਜਿਸ ਵਿਚ ਮੁੰਬਈ ਸੈਂਟਰਲ ਰਾਜਧਾਨੀ ਐਕਸਪ੍ਰੈਸ ਅਤੇ ਦੱਖਣੀ ਐਕਸਪ੍ਰੈਸ ਵਰਗੀਆਂ ਪ੍ਰਮੁੱਖ ਸੇਵਾਵਾਂ ਸਮੇਤ ਸ਼ਹਿਰ ਤੋਂ ਰਵਾਨਾ ਹੋਣ ਵਾਲੀਆਂ 20 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।
ਦੇਰੀ ਨਾਲ ਚੱਲਣ ਵਾਲੀਆਂ ਟਰੇਨਾਂ ਵਿਚ ਨਵੀਂ ਦਿੱਲੀ ਤੋਂ ਮੁੰਬਈ ਚੱਲਣ ਵਾਲੀ ਮੁੰਬਈ ਸੈਂਟਰਲ ਰਾਜਧਾਨੀ ਐਕਸਪ੍ਰੈਸ, ਦੁਰਗ ਤੋਂ ਦਿੱਲੀ ਲਈ ਦੁਰਗ-ਹਜ਼ਰਤ ਨਿਜ਼ਾਮੁਦੀਨ ਐਕਸਪ੍ਰੈਸ, ਦਿੱਲੀ ਤੋਂ ਹੈਦਰਾਬਾਦ ਲਈ ਚੱਲਣ ਵਾਲੀ ਦੱਖਣ ਐਕਸਪ੍ਰੈਸ, ਦੁਰੰਤੋ ਐਕਸਪ੍ਰੈਸ ਅਤੇ ਜਬਲਪੁਰ-ਹਜ਼ਰਤ ਨਿਜ਼ਾਮੁਦੀਨ ਗੋਂਡਵਾਨਾ ਐਕਸਪ੍ਰੈਸ ਜਬਲਪੁਰ ਤੋਂ ਦਿੱਲੀ ਤੱਕ ਚੱਲ ਰਹੀਆਂ ਹਨ। ਸੀਤ ਲਹਿਰ ਕਾਰਨ ਅੱਜ ਸਵੇਰੇ ਦਿੱਲੀ ਦਾ ਘੱਟ ਤੋਂ ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਹਾਲਾਂਕਿ ਇਹ ਮੰਗਲਵਾਰ ਤੋਂ 7 ਡਿਗਰੀ ਜ਼ਿਆਦਾ ਹੈ।
ਭਾਰਤੀ ਮੌਸਮ ਵਿਭਾਗ (IMD) ਨੇ ਦਿੱਲੀ-NCR, ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਤਾਪਮਾਨ ਵਿਚ ਹੋਰ ਗਿਰਾਵਟ ਦਾ ਅਨੁਮਾਨ ਹੈ। ਹਵਾ ਗੁਣਵੱਤਾ ਵੀ ਬਹੁਤ ਖਰਾਬ ਸ਼੍ਰੇਣੀ ਵਿਚ ਬਣੀ ਹੋਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਸਵੇਰੇ 8 ਵਜੇ.ਸ਼ਹਿਰ ਵਿੱਚ AQI 333 ਦਰਜ ਕੀਤਾ ਗਿਆ ਸੀ, ਜੋ 'ਬਹੁਤ ਖਰਾਬ' ਦੇ ਅਧੀਨ ਆਉਂਦਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਮੀਂਹ ਕਾਰਨ ਪ੍ਰਦੂਸ਼ਣ ਥੋੜ੍ਹਾ ਘਟਿਆ ਹੈ, ਹਾਲਾਂਕਿ ਸਰਕਾਰ ਨੂੰ ਇਸ ਦਾ ਸਥਾਈ ਹੱਲ ਲੱਭਣ ਦੀ ਲੋੜ ਹੈ। ਇਸ ਦੌਰਾਨ 24 ਦਸੰਬਰ ਨੂੰ ਸ਼ਹਿਰ ਵਿੱਚ ਦਰਮਿਆਨੀ ਬਾਰਿਸ਼ ਨੇ ਸਰਦੀ ਦੀ ਠੰਡ ਨੂੰ ਹੋਰ ਵਧਾ ਦਿੱਤਾ।