ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜੌਰੀ ਪਹੁੰਚ ਕੇ ਸੁਰੱਖਿਆ ਸਥਿਤੀ ਦਾ ਲਿਆ ਜਾਇਜ਼ਾ
Sunday, May 07, 2023 - 01:05 PM (IST)
ਰਾਜੌਰੀ/ਜੰਮੂ, (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲਿਆਂ ਰਾਜੌਰੀ ਅਤੇ ਪੁੰਛ ’ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਇਨ੍ਹਾਂ ਜ਼ਿਲਿਆਂ ’ਚ ਅੱਤਵਾਦੀਆਂ ਵੱਲੋਂ ਅਕਤੂਬਰ 2021 ਤੋਂ ਲੈ ਕੇ ਹੁਣ ਤੱਕ ਕੀਤੇ ਗਏ 8 ਹਮਲਿਆਂ ’ਚ 26 ਫੌਜੀਆਂ ਸਮੇਤ ਕੁੱਲ 35 ਲੋਕਾਂ ਦੀ ਜਾਨ ਗਈ ਹੈ। ਰਾਜਨਾਥ ਨੇ ਰਾਜੌਰੀ ਜ਼ਿਲੇ ਦੇ ਕਾਂਡੀ ਜੰਗਲੀ ਖੇਤਰ ’ਚ ਸ਼ੁੱਕਰਵਾਰ ਨੂੰ ਫੌਜ ਦੇ ਅੱਤਵਾਦੀ ਵਿਰੋਧੀ ਮੁਹਿੰਮ ਦੌਰਾਨ ਅੱਤਵਾਦੀਆਂ ਵੱਲੋਂ ਕੀਤੇ ਗਏ ਧਮਾਕੇ ’ਚ 5 ਜਵਾਨਾਂ ਦੇ ਸ਼ਹੀਦ ਹੋਣ ਦੇ ਇਕ ਦਿਨ ਬਾਅਦ ਇਲਾਕੇ ਦਾ ਦੌਰਾ ਕੀਤਾ।
ਅਧਿਕਾਰੀਆਂ ਨੇ ਦੱਸਿਆ ਕਿ ਰਾਜਨਾਥ ਕੁਝ ਦੇਰ ਜੰਮੂ ’ਚ ਰਹੇ ਅਤੇ ਫਿਰ ਫੌਜ ਮੁਖੀ ਜਨਰਲ ਮਨੋਜ ਪਾਂਡੇ ਅਤੇ ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ ਦੇ ਨਾਲ ਰਾਜੌਰੀ ’ਚ ‘ਐੱਸ ਆਫ ਸਪੇਡਸ ਡਿਵੀਜ਼ਨ’ ਹੈੱਡਕੁਆਰਟਰ ਪਹੁੰਚੇ। ਰੱਖਿਆ ਮੰਤਰੀ ਨੇ ਅੱਤਵਾਦੀਆਂ ਖਿਲਾਫ ਮੁਹਿੰਮ ’ਚ ਸ਼ਾਮਲ ਜਵਾਨਾਂ ਨਾਲ ਗੱਲਬਾਤ ਵੀ ਕੀਤੀ। ਦੌਰੇ ਦੌਰਾਨ ਉਨ੍ਹਾਂ ਨਾਲ ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ, ਵ੍ਹਾਈਟ ਨਾਈਟ ਕੋਪ੍ਰਸ ਕਮਾਂਡਰ ਅਤੇ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਵੀ ਸਨ। ਰੱਖਿਆ ਮੰਤਰੀ ਨੂੰ ਅਧਿਕਾਰੀਆਂ ਨੇ ਕਾਂਡੀ ਦੇ ਜੰਗਲੀ ਖੇਤਰ ’ਚ ਚਲਾਏ ਜਾ ਰਹੇ ਆਪ੍ਰੇਸ਼ਨਾਂ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਜੰਮੂ-ਕਸ਼ਮੀਰ ਖਾਸ ਕਰ ਕੇ ਰਾਜੌਰੀ ਅਤੇ ਪੁੰਛ ’ਚ ਸਮੁੱਚੀ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਇਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।