ਉੱਤਰਾਖੰਡ ਤ੍ਰਾਸਦੀ: ਬਚਾਅ ਮੁਹਿੰਮ ਅਜੇ ਵੀ ਜਾਰੀ, ਹੁਣ ਤੱਕ 72 ਲੋਕਾਂ ਦੀ ਮੌਤ
Saturday, Feb 27, 2021 - 06:31 PM (IST)
ਚਮੋਲੀ— ਜੋਸ਼ੀਮੱਠ ਦੇ ਨੇੜੇ ਮਰਵਾੜੀ ਵਿਚ ਅਲਕਨੰਦਾ ਦੇ ਕਿਨਾਰੇ ਇਕ ਹੋਰ ਲਾਸ਼ ਮਿਲਣ ਨਾਲ ਹੀ ਉੱਤਰਾਖੰਡ ਤ੍ਰਾਸਦੀ ’ਚ ਮਰਨ ਵਾਲਿਆਂ ਦੀ ਗਿਣਤੀ 72 ਹੋ ਗਈ ਹੈ। ਦੱਸ ਦੇਈਏ ਕਿ 7 ਫਰਵਰੀ 2021 ਨੂੰ ਗਲੇਸ਼ੀਅਰ ਟੁੱਟਣ ਨਾਲ ਆਈ ਕੁਦਰਤੀ ਆਫ਼ਤ ’ਚ ਮਰਨ ਵਾਲਿਆਂ ਦੀ ਗਿਣਤੀ 72 ਹੋ ਗਈ ਹੈ। ਚਮੋਲੀ ਦੇ ਆਫ਼ਤ ਪ੍ਰਬੰਧਨ ਅਧਿਕਾਰੀ ਐੱਨ. ਕੇ. ਜੋਸ਼ੀ ਨੇ ਸ਼ਨੀਵਾਰ ਨੂੰ ਦੱਸਿਆ ਕਿ 72ਵੀਂ ਲਾਸ਼ ਸ਼ੁੱਕਰਵਾਰ ਦੇਰ ਰਾਤ ਬਰਾਮਦ ਹੋਈ। ਉਨ੍ਹਾਂ ਨੇ ਦੱਸਿਆ ਕਿ ਇਸ ਦਰਮਿਆਨ ਸ਼ਨੀਵਾਰ ਨੂੰ 21ਵੇਂ ਦਿਨ ਵੀ ਆਫ਼ਤ ਪ੍ਰਭਾਵਿਤ ਇਲਾਕੇ ਵਿਚ ਬਚਾਅ ਮੁਹਿੰਮ ਜਾਰੀ ਹੈ। ਜੋਸ਼ੀ ਨੇ ਦੱਸਿਆ ਕਿ ਆਫ਼ਤ ਪ੍ਰਭਾਵਿਤ ਇਲਾਕੇ ਦੀਆਂ ਵੱਖ-ਵੱਖ ਥਾਵਾਂ ਤੋਂ ਹੁਣ ਤੱਕ 72 ਲਾਸ਼ਾਂ ਅਤੇ 30 ਮਨੁੱਖੀ ਅੰਗ ਪ੍ਰਾਪਤ ਹੋ ਚੁੱਕੇ ਹਨ, ਜਿਨ੍ਹਾਂ ’ਚੋਂ 41 ਲੋਕਾਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ, ਜਦਕਿ 132 ਅਜੇ ਵੀ ਲਾਪਤਾ ਹਨ।
ਇਸ ਦਰਮਿਆਨ ਐੱਨ. ਟੀ. ਪੀ. ਸੀ., ਜਿਸ ਦੀ ਤਪੋਵਨ, ਵਿਸ਼ਣੂਗਾਡ ਪਣਬਿਜਲੀ ਪ੍ਰਾਜੈਕਟ 7 ਫਰਵਰੀ ਨੂੰ ਆਈ ਆਫ਼ਤ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਸੀ, ਦੇ ਬੁਲਾਰੇ ਨੇ ਦੱਸਿਆ ਕਿ ਕੰਪਨੀ ਨੇ ਸੂਬਾ ਸਰਕਾਰ ਦੀ ਸੂਚੀ ਮੁਤਾਬਕ ਪ੍ਰਭਾਵਿਤ 25 ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਮੁੱਖ ਨਿਆਂਇਕ ਮੈਜਿਸਟ੍ਰੇਟ ਦੀ ਅਦਾਲਤ ’ਚ 3.52 ਕਰੋੜ ਰੁਪਏ ਜਮਾਂ ਕਰਵਾ ਦਿੱਤੇ ਹਨ। ਉਨ੍ਹਾਂ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਹੋਰ ਪੀੜਤਾਂ ਦੀ ਮੌਤ ਸਰਟੀਫ਼ਿਕੇਟ ਜਾਰੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਮੁਆਵਜ਼ੇ ਦੀ ਰਾਸ਼ੀ ਦਿੱਤੀ ਜਾਵੇਗੀ।