ਮਾਂ ਅਤੇ ਨਵਜਨਮੇ ਬੱਚੇ ਦੀ ਸ਼ੱਕੀ ਹਲਾਤਾਂ ''ਚ ਮੌਤ, ਕਈ ਸਾਲਾਂ ਬਾਅਦ ਹੋਈ ਸੀ ਦੂਜੀ ਔਲਾਦ
Friday, Dec 29, 2023 - 11:32 AM (IST)
ਪਾਨੀਪਤ- ਹਰਿਆਣਾ ਦੇ ਪਾਨੀਪਤ 'ਚ ਇਕ ਨਿੱਜੀ ਹਸਪਤਾਲ 'ਚ ਨਾਰਮਲ ਡਿਲਿਵਰੀ ਮਗਰੋਂ ਮਹਿਲਾ ਅਤੇ ਨਵਜਨਮੇ ਬੱਚੇ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋ ਗਈ। ਡਿਲਿਵਰੀ ਦੇ ਇਕ ਘੰਟੇ ਬਾਅਦ ਡਾਕਟਰ ਨੇ ਪਰਿਵਾਰ ਨੂੰ ਅਚਾਨਕ ਉਨ੍ਹਾਂ ਦੀ ਹਾਲਤ ਖਰਾਬ ਹੋਣ ਬਾਰੇ ਦੱਸਿਆ ਸੀ। ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਡਿਲਿਵਰੀ ਦੇ ਸਮੇਂ ਅਚਾਨਕ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਮਾਂ-ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੋਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ।
ਪਰਿਵਾਰ ਨੇ ਪੋਸਟਮਾਰਟਮ ਨਾ ਕਰਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ। ਮ੍ਰਿਤਕਾ ਦੇ ਪਤੀ ਨਰਿੰਦਰ ਨੇ ਦੱਸਿਆ ਕਿ ਉਹ ਇਕ ਫੈਕਟਰੀ 'ਚ ਵੈਲਡਿੰਗ ਦਾ ਕੰਮ ਕਰਦਾ ਹੈ। ਉਸ ਦੀ ਪਤਨੀ ਰੂਮਾ ਕੁਮਾਰੀ ਗਰਭਵਤੀ ਸੀ। ਜਣੇਪੇ ਦੀਆਂ ਦਰਦਾਂ ਮਗਰੋਂ ਉਹ ਆਪਣੀ ਪਤਨੀ ਨੂੰ ਸਨੌਲੀ ਰੋਡ ਸਥਿਤ ਇਕ ਪ੍ਰਾਈਵੇਟ ਹਸਪਤਾਲ ਲੈ ਗਿਆ, ਜਿੱਥੇ ਬੁੱਧਵਾਰ ਦੇਰ ਰਾਤ ਕਰੀਬ 2 ਵਜੇ ਰੂਮਾ ਦੀ ਡਿਲਿਵਰੀ ਹੋਈ। ਇਸ ਦੌਰਾਨ ਉਸ ਨੇ ਇਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਜਨਮ ਮਗਰੋਂ ਡਾਕਟਰਾਂ ਨੇ ਜੱਚਾ-ਬੱਚਾ ਦੋਹਾਂ ਦੇ ਸਿਹਤਮੰਦ ਹੋਣ ਦੀ ਗੱਲ ਆਖੀ
ਪਰਿਵਾਰ ਨੇ ਵੀ ਦੋਹਾਂ ਨੂੰ ਵੇਖਿਆ ਤਾਂ ਉਹ ਠੀਕ ਸਨ। ਕਰੀਬ ਇਕ ਘੰਟੇ ਮਗਰੋਂ ਡਾਕਟਰ ਨੇ ਜੱਚਾ-ਬੱਚਾ ਦੀ ਅਚਾਨਕ ਸਿਹਤ ਖਰਾਬ ਹੋਣ ਦੀ ਗੱਲ ਆਖੀ। ਇਸ ਤੋਂ ਤੁਰੰਤ ਬਾਅਦ ਦੋਹਾਂ ਨੂੰ ਰੈਫਰ ਕਰ ਦਿੱਤਾ। ਜਲਦੀ ਵਿਚ ਪਰਿਵਾਰ ਦੋਹਾਂ ਨੂੰ ਸਰਕਾਰੀ ਹਸਪਤਾਲ ਲੈ ਕੇ ਪਹੁੰਚਿਆ, ਜਿੱਥੇ ਡਾਕਟਰਾਂ ਨੇ ਜਾਂਚ ਮਗਰੋਂ ਦੋਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਤਨੀ ਨੇ ਦੱਸਿਆ ਕਿ ਉਸ ਦੀ 10 ਸਾਲ ਦੀ ਇਕ ਵੱਡੀ ਧੀ ਹੈ। ਉਸ ਤੋਂ ਬਾਅਦ ਉਨ੍ਹਾਂ ਦੇ ਕੋਈ ਔਲਾਦ ਨਹੀਂ ਹੋਈ। ਕਈ ਵਾਰ ਪਤਨੀ ਦਾ ਗਰਭਪਾਤ ਹੋ ਗਿਆ ਸੀ। ਇਸ ਵਾਰ ਔਲਾਦ ਦੀ ਆਸ ਜਾਗੀ ਸੀ ਪਰ ਔਲਾਦ ਦੇ ਨਾਲ-ਨਾਲ ਪਤਨੀ ਦੀ ਵੀ ਜਾਨ ਚੱਲੀ ਗਈ।