ਬਰਡ ਫਲੂ ਦਾ ਕਹਿਰ: 44 ਮੋਰਾਂ ਦੀ ਮੌਤ ਨਾਲ ਮਚੀ ਹਾਹਾਕਾਰ, 10 ਕਿਲੋਮੀਟਰ ਦਾ ਇਲਾਕਾ ਸੀਲ

Saturday, May 02, 2026 - 04:55 AM (IST)

ਬਰਡ ਫਲੂ ਦਾ ਕਹਿਰ: 44 ਮੋਰਾਂ ਦੀ ਮੌਤ ਨਾਲ ਮਚੀ ਹਾਹਾਕਾਰ, 10 ਕਿਲੋਮੀਟਰ ਦਾ ਇਲਾਕਾ ਸੀਲ

ਤੁਮਕੁਰੂ (ਕਰਨਾਟਕ) : ਕਰਨਾਟਕ ਦੇ ਤੁਮਕੁਰੂ ਜ਼ਿਲ੍ਹੇ ਵਿੱਚ 44 ਮੋਰਾਂ ਦੀ ਮੌਤ ਦਾ ਕਾਰਨ H5N1 ਬਰਡ ਫਲੂ ਵਾਇਰਸ ਪਾਏ ਜਾਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਲੈਬ ਦੀ ਰਿਪੋਰਟ ਵਿੱਚ ਪੁਸ਼ਟੀ ਹੋਣ ਤੋਂ ਬਾਅਦ ਜੰਗਲਾਤ ਅਤੇ ਸਿਹਤ ਵਿਭਾਗ ਨੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ ਸਭ ਤੋਂ ਪਹਿਲਾਂ 16 ਅਪ੍ਰੈਲ ਨੂੰ ਸਾਹਮਣੇ ਆਈ ਸੀ, ਜਦੋਂ ਤੁਮਕੁਰੂ ਤਾਲੁਕ ਦੇ ਖੇਤਾਂ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੋਰ ਮ੍ਰਿਤਕ ਮਿਲੇ ਸਨ। ਇੱਕ ਹਫ਼ਤੇ ਦੇ ਅੰਦਰ-ਅੰਦਰ ਕੇਸਾਰਾਮਾਡੂ, ਹੀਰੇਹਲੀ ਅਤੇ ਗੁਲੂਰ ਗ੍ਰਾਮ ਪੰਚਾਇਤਾਂ ਦੇ ਖੇਤਾਂ ਵਿੱਚ ਕੁੱਲ 44 ਮੋਰ ਮ੍ਰਿਤਕ ਪਾਏ ਗਏ। ਮ੍ਰਿਤਕ ਮੋਰਾਂ ਦੇ ਸੈਂਪਲ ਜਾਂਚ ਲਈ ਭੋਪਾਲ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਉਰਿਟੀ ਐਨੀਮਲ ਡਿਜ਼ੀਜ਼ ਭੇਜੇ ਗਏ ਸਨ, ਜਿੱਥੇ H5N1 ਬਰਡ ਫਲੂ ਦੀ ਪੁਸ਼ਟੀ ਹੋਈ ਹੈ।

10 ਕਿਲੋਮੀਟਰ ਦਾ ਇਲਾਕਾ 'ਕੰਟੇਨਮੈਂਟ ਜ਼ੋਨ' ਘੋਸ਼ਿਤ
ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਪ੍ਰਭਾਵਿਤ ਇਲਾਕਿਆਂ ਦੇ 10 ਕਿਲੋਮੀਟਰ ਦੇ ਦਾਇਰੇ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕਰ ਦਿੱਤਾ ਹੈ। ਵਣ ਵਿਭਾਗ, ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਸਾਂਝੇ ਤੌਰ 'ਤੇ ਨਿਗਰਾਨੀ ਕਰ ਰਹੀਆਂ ਹਨ। ਇਸ ਦੇ ਨਾਲ ਹੀ ਇਲਾਕੇ ਦੇ ਸਾਰੇ ਪੋਲਟਰੀ ਫਾਰਮਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਪ੍ਰਸ਼ਾਸਨ ਨੇ ਵਧਾਈ ਨਿਗਰਾਨੀ
ਹਾਲਾਂਕਿ ਅਧਿਕਾਰੀਆਂ ਨੇ ਦੱਸਿਆ ਕਿ 23 ਅਪ੍ਰੈਲ ਤੋਂ ਬਾਅਦ ਮੋਰਾਂ ਦੀ ਮੌਤ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜੋ ਕਿ ਇੱਕ ਰਾਹਤ ਦੀ ਖ਼ਬਰ ਹੈ। ਹਸਪਤਾਲਾਂ ਨੂੰ ਸਥਿਤੀ 'ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਪੀ.ਪੀ.ਈ. ਕਿੱਟਾਂ, ਮਾਸਕ ਅਤੇ ਲੋੜੀਂਦੀਆਂ ਦਵਾਈਆਂ ਦਾ ਸਟਾਕ ਰੱਖਣ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।


author

Inder Prajapati

Content Editor

Related News