ਹਿਮਾਚਲ ਦੇ IGMC ਹਸਪਤਾਲ ’ਚ ਬਲੈਕ ਫੰਗਸ ਨਾਲ 2 ਮਰੀਜ਼ਾਂ ਦੀ ਮੌਤ
Friday, May 28, 2021 - 01:28 PM (IST)
ਸ਼ਿਮਲਾ– ਹਿਮਾਚਲ ਪ੍ਰਦੇਸ਼ ’ਚ ਬਲੈਕ ਫੰਗਸ ਨੇ ਦੋ ਮਰੀਜ਼ਾਂ ਦੀ ਜਾਨ ਲੈ ਲਈ ਹੈ। ਹਿਮਾਚਲ ’ਚ ਪਹਿਲੀ ਵਾਰ ਬਲੈਕ ਫੰਗਸ ਨਾਲ ਕਿਸੇ ਦੀ ਮੌਤ ਹੋਈ ਹੈ। ਹਾਲਾਂਕਿ, ਸੂਬੇ ’ਚ ਹੁਣ ਤਕ ਬਲੈਕ ਫੰਗਸ ਦੇ 8 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਦੋ ਦੀ ਮੌਤ ਹੋ ਗਈ ਹੈ। ਤਿੰਨ ਮਾਮਲੇ ਕਾਂਗੜਾਂ ਟਾਂਡਾ ਮੈਡੀਕਲ ਕਾਲਜ ’ਚ ਰਿਪੋਰਟ ਹੋਏ ਸਨ। ਤਿੰਨ ਆਈ.ਜੀ.ਐੱਮ.ਸੀ. ਸ਼ਿਮਲਾ ’ਚ ਸਾਹਮਣੇ ਆਏ ਸਨ, ਜਿਨ੍ਹਾਂ ’ਚੋਂ ਹੁਣ ਦੋ ਦੀ ਮੌਤ ਹੋ ਗਈ ਹੈ। ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਆਈ.ਜੀ.ਐੱਮ.ਸੀ. ਦੇ ਐੱਮ.ਐੱਸ. ਡਾਕਟਰ ਜਨਕ ਰਾਜ ਨੇ ਕੀਤੀ ਹੈ।
ਜਾਣਕਾਰੀ ਮੁਤਾਬਕ, ਆਈ.ਜੀ.ਐੱਮ.ਸੀ. ਸ਼ਿਮਲਾ ’ਚ ਇਲਾਜ ਦੌਰਾਨ ਹਮੀਰਪੁਰ ਅਤੇ ਸੋਲਨ ਦੇ ਕਸੌਲੀ ਖੇਤਰ ਦੇ ਮਰੀਜ਼ ਦੀ ਮੌਤ ਹੋਈ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਦੋਵੇਂ ਮਰੀਜ਼ ਸ਼ੂਗਰ ਦੇ ਮਰੀਜ਼ ਸਨ ਅਤੇ ਬਲੈਕ ਫੰਗਸ ਦਿਮਾਗ ਤਕ ਪਹੁੰਚ ਗਿਆ ਸੀ। 39 ਸਾਲ ਦਾ ਹਮੀਰਪੁਰ ਦਾ ਮਰੀਜ਼ ਵੀਰਵਾਰ ਨੂੰ ਹੀ ਸ਼ਿਮਲਾ ਰੈਫਰ ਕੀਤਾ ਗਿਆ ਸੀ। ਉਥੇ ਹੀ ਸੋਲਨ ਦੇ ਕਸੌਲੀ ਦਾ ਰਹਿਣ ਵਾਲਾ 49 ਸਾਲਾ ਮਰੀਜ਼ 22 ਮਈ ਨੂੰ ਸ਼ਿਮਲਾ ਦੇ ਆਈ.ਜੀ.ਐੱਮ.ਸੀ. ਹਸਪਤਾਲ ’ਚ ਦਾਖ਼ਲ ਹੋਇਆ ਸੀ।