ਦਵਿੰਦਰ ਸਿੰਘ ਮਾਮਲਾ : NIA ਟੀਮ ਨੇ ਕਸ਼ਮੀਰ ''ਚ ਕਈ ਥਾਵਾਂ ''ਤੇ ਕੀਤੀ ਛਾਪੇਮਾਰੀ

02/02/2020 12:03:49 PM

ਸ਼੍ਰੀਨਗਰ (ਭਾਸ਼ਾ)— ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਜੰਮੂ-ਕਸ਼ਮੀਰ ਦੇ ਬਰਖਾਸਤ ਡੀ. ਐੱਸ. ਪੀ. ਦੀ ਗ੍ਰਿਫਤਾਰੀ ਨਾਲ ਜੁੜੇ ਮਾਮਲੇ ਨੂੰ ਲੈ ਕੇ ਕਸ਼ਮੀਰ 'ਚ ਐਤਵਾਰ ਦੀ ਸਵੇਰ ਨੂੰ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਕਈ ਥਾਵਾਂ 'ਤੇ ਐੱਨ. ਆਈ. ਏ. ਦੀ ਟੀਮ ਗਈ ਅਤੇ ਕੁਝ ਪ੍ਰਾਈਵੇਟ ਦਫਤਰਾਂ ਅਤੇ ਰਿਹਾਇਸ਼ 'ਤੇ ਛਾਪੇਮਾਰੀ ਕੀਤੀ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਪੁਲਸ ਦਾ ਡੀ. ਐੱਸ. ਪੀ. ਦਵਿੰਦਰ ਸਿੰਘ 11 ਜਨਵਰੀ 2020 ਨੂੰ ਦੋ ਅੱਤਵਾਦੀਆਂ ਨੂੰ ਕਸ਼ਮੀਰ ਤੋਂ ਬਾਹਰ ਪਹੁੰਚਾਉਣ 'ਚ ਮਦਦ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਦਵਿੰਦਰ ਨੇ ਇਸ ਲਈ ਅੱਤਵਾਦੀਆਂ ਨਾਲ ਲੱਖਾਂ ਦੀ ਡੀਲ ਵੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਚੰਡੀਗੜ੍ਹ ਜਾਂ ਦਿੱਲੀ 'ਚ ਕਿਸੇ ਵੱਡੀ ਅੱਤਵਾਦੀ ਸਾਜਿਸ਼ ਨੂੰ ਅੰਜ਼ਾਮ ਦੇਣਾ ਚਾਹੁੰਦੇ ਸਨ। ਦਵਿੰਦਰ ਦੇ ਅਫਜ਼ਲ ਗੁਰੂ ਨਾਲ ਵੀ ਤਾਰ ਜੁੜੇ ਹੋਣ ਦੀ ਗੱਲ ਸਾਹਮਣੇ ਆਈ ਸੀ, ਜਿਸ ਨੇ ਸੰਸਦ ਭਵਨ 'ਤੇ ਹਮਲਾ ਕੀਤਾ ਸੀ। ਦੇਸ਼ ਨਾਲ ਗੱਦਾਰੀ ਕਰਨ ਨੂੰ ਲੈ ਕੇ ਦਵਿੰਦਰ ਸਿੰਘ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾ ਚੁੱਕਾ ਹੈ।

ਇਸ ਮਾਮਲੇ ਵਿਚ ਗ੍ਰਿਫਤਾਰ ਸਾਰੇ ਲੋਕਾਂ ਤੋਂ ਐੱਨ. ਆਈ. ਏ. ਦੇ ਅਧਿਕਾਰੀਆਂ ਵਲੋਂ ਪੁੱਛ-ਗਿੱਛ ਤੋਂ ਬਾਅਦ ਅੱਜ ਛਾਪੇਮਾਰੀ ਹੋਈ। ਦਵਿੰਦਰ ਤੋਂ ਇਲਾਵਾ ਇਸ ਮਾਮਲੇ ਵਿਚ ਹਿਜ਼ਬੁਲ ਮੁਜਾਹਿਦੀਨ ਦਾ ਕਮਾਂਡਰ ਨਵੀਦ ਬਾਬੂ ਅਤੇ ਰਫੀ ਅਹਿਮਦ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਖੁਦ ਨੂੰ ਵਕੀਲ ਦੱਸ ਰਹੇ ਰਫੀ ਅਹਿਮਦ ਰਾਠੇਰ ਅਤੇ ਇਰਫਾਨ ਸ਼ਫੀ ਮੀਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਸਾਰਿਆਂ ਨੂੰ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ 'ਤੇ ਕਾਜੀਗੁੰਡ 'ਚ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿਚ ਨਵੀਦ ਦੇ ਭਰਾ ਸਈਅਦ ਇਰਫਾਨ ਅਹਿਮਦ ਨੂੰ 23 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਪੰਜਾਬ ਤੋਂ ਇੱਥੇ ਲਿਆਂਦਾ ਗਿਆ। ਨਵੀਦ ਲਗਾਤਾਰ ਆਪਣੇ ਭਰਾ ਨਾਲ ਸੰਪਰਕ ਵਿਚ ਸੀ ਅਤੇ ਉਸ ਨੇ ਕਸ਼ਮੀਰ 'ਚ ਕੜਾਕੇ ਦੀ ਠੰਡ ਤੋਂ ਬਚਣ ਲਈ ਉਸ ਨੂੰ ਚੰਡੀਗੜ੍ਹ 'ਚ ਰਹਿਣ ਲਈ ਥਾਂ ਦੀ ਭਾਲ ਕਰਨ ਨੂੰ ਕਿਹਾ ਸੀ। ਮੀਰ ਦੀ ਗ੍ਰਿਫਤਾਰੀ ਐੱਨ. ਆਈ. ਏ. ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਅਜਿਹਾ ਦੋਸ਼ ਹੈ ਕਿ ਉਹ ਪਾਕਿਸਤਾਨ ਵਿਚ ਬੈਠੇ ਆਪਣੇ ਆਕਾਵਾਂ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਹੈ। ਉਹ ਭਾਰਤੀ ਪਾਸਪੋਰਟ 'ਤੇ ਗੁਆਂਢੀ ਦੇਸ਼ 5 ਵਾਰ ਜਾ ਚੁੱਕਾ ਹੈ।


Tanu

Content Editor

Related News