ਪ੍ਰਦੂਸ਼ਣ ਦੇ ਖਤਰਨਾਕ ਰੂਪ ਕਾਰਨ ਭਾਰਤ ਤੋਂ ਰੁੱਸੇ ਵਿਦੇਸ਼ੀ ਪੰਛੀ

Tuesday, Dec 05, 2017 - 08:08 PM (IST)

ਨਵੀਂ ਦਿੱਲੀ— ਇਕ ਸਮਾਂ ਹੁੰਦਾ ਸੀ ਜਦੋਂ ਨਵੰਬਰ ਆਉਂਦੇ ਹੀ ਭਾਰਤ ਸਾਈਬੇਰੀਆਈ ਅਤੇ ਪ੍ਰਵਾਸੀ ਪੰਛੀਆਂ ਨਾਲ ਭਰ ਜਾਂਦਾ ਸੀ ਅਤੇ ਬਹੁਤ ਜ਼ਿਆਦਾ ਗਿਣਤੀ 'ਚ ਪੰਛੀਆਂ ਦੇ ਝੁੰਡ ਹਰੇ-ਭਰੇ ਜੰਗਲਾ ਤੋਂ ਲੈ ਕੇ ਪਿੰਡਾਂ ਦੇ ਬਾਗਾਂ ਤਕ ਪਹੁੰਚ ਜਾਂਦੇ ਸਨ ਪਰ ਹੁਣ ਇਹ ਪੰਛੀ ਗਾਇਬ ਹੁੰਦੇ ਜਾ ਰਹੇ ਹਨ। 
ਦਿੱਲੀ 'ਚ ਪ੍ਰਦੂਸ਼ਣ ਦੇ ਖਤਰਨਾਕ ਪੱਧਰ 'ਤੇ ਪਹੁੰਚਣ ਕਾਰਨ ਜਿੱਥੇ ਇਨਸਾਨਾਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਉਥੇ ਹੀ ਪੰਛੀਆਂ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਨਵੰਬਰ ਮਹੀਨੇ ਦੇ ਆਉਂਦੇ ਹੀ ਵਿਦੇਸ਼ੀ ਪ੍ਰਵਾਸੀ ਪੰਛੀ ਭਾਰਤ 'ਚ ਦਾਖਲ ਹੋ ਜਾਂਦੇ ਸਨ ਪਰ ਇਸ ਵਾਰ ਕਈ ਪ੍ਰਮੁੱਖ ਵਿਦੇਸ਼ੀ ਪ੍ਰਜਾਤੀਆਂ ਭਾਰਤ 'ਚ ਨਹੀਂ ਦੇਖੀਆਂ ਜਾ ਰਹੀਆਂ ਹਨ।
ਦਿੱਲੀ ਦੇ ਯਮੁਨਾ ਬਾਇਡਾਇਵਰਸਿਟੀ ਪਾਰਕ ਸਮੇਤ ਭਰਤਪੁਰ ਦੇ ਘਨਾ ਪੰਛੀ ਵਿਹਾਰ, ਸੁਲਤਾਨਪੁਰ, ਅੋਖਲਾ ਬਰਡ ਸੇਂਕਚੁਰੀ ਦੇ ਆਂਕੜਿਆਂ ਮੁਤਾਬਕ ਪ੍ਰਵਾਸੀ ਪੰਛੀਆਂ ਦੀ ਗਿਣਤੀ ਘੱਟ ਰਹੀ ਹੈ। ਭਾਰਤ 'ਚ ਵਿਦੇਸ਼ਾਂ ਤੋਂ ਆਉਣ ਵਾਲੇ ਪੰਛੀਆਂ ਲਈ ਪੰਛੀ ਵਿਹਾਰ ਅਤੇ ਆਰਟੀਫਿਸ਼ਲ ਤਲਾਬ ਬਣਾਉਣ ਦੇ ਬਾਵਜੂਦ ਉਨ੍ਹਾਂ ਦੀ ਗਿਣਤੀ 'ਚ ਕਮੀ ਆਈ ਹੈ। ਇਥੋਂ ਤੱਕ ਕਿ ਵਿਦੇਸ਼ਾਂ ਤੋਂ ਆਉਣ ਵਾਲੀਆਂ ਕੁੱਝ ਪ੍ਰਮੁੱਖ ਪ੍ਰਜਾਤੀਆਂ ਜਿਵੇਂ ਰੇੱਡ ਕ੍ਰੇਸਟੇਡ ਪੋਚਾਰਡ, ਗ੍ਰੇ ਲੈੱਗ ਗੀਜ, ਫੇਰਿਜਿਲਸ ਪੋਚਾਰਡ, ਨਾਰਦਨ ਪਿਨਟੇਲ, ਕਾਟਨ ਪਿਗਮੀ ਗੀਜ, ਯੁਰੇਸ਼ਿਅਨ ਵਿਜਨ ਅਤੇ ਵਾਰ ਹੇਡੇਡ ਗੀਜ ਇਸ ਸਾਲ ਦਸੰਬਰ ਆਉਣ ਤਕ ਭਾਰਤ 'ਚ ਆਈਆਂ ਹੀ ਨਹੀਂ ਹਨ।
ਯਮੁਨਾ ਬਾਇਡਾਇਵਰਸਿਟੀ ਪਾਰਕ ਦੇ ਪੰਛੀ ਵਿਗਿਆਨਕ ਫਿਆਜ ਖੁਦਸਰ ਦਾ ਕਹਿਣਾ ਹੈ ਕਿ ਸਾਲ 2014-15 ਅਤੇ 2015-16 ਵਿਚਾਲੇ ਪੰਛੀਆਂ ਦੀ ਗਿਣਤੀ ਕਾਫੀ ਘੱਟ ਸੀ ਪਰ ਯਮੁਨਾ ਪਾਰਕ 'ਚ ਪੰਛੀਆਂ ਲਈ ਕਲਾਈਮੇਟ ਰਿਵਿਲਿਏਂਟ ਸਿਸਟਮ ਤਿਆਰ ਕਰ ਕੇ ਅਨੁਕੂਲ ਵਾਤਾਵਰਨ ਦੇਣ ਦੀ ਕੋਸ਼ਿਸ਼ ਕੀਤੀ ਗਈ। 
ਨਵੇਂ ਤਲਾਬਾਂ, ਪ੍ਰਵਾਸੀ ਪੰਛੀਆਂ ਦੇ ਖਾਣ ਲਈ ਪੇੜ ਪੌਦਿਆਂ ਦੀ ਵਿਵਸਥਾ ਕੀਤੀ ਗਈ ਅਤੇ ਇਸ ਦੇ ਨਤੀਜੇ ਵਜੋ 2016-17 'ਚ ਨਵੰਬਰ 'ਚ ਪੰਛੀਆਂ ਦੀ ਗਿਣਤੀ ਵਧੀ ਸੀ ਪਰ ਇਸ ਸਾਲ ਦੇ ਆਂਕੜੇ ਫਿਰ ਨਿਰਾਸ਼ ਕਰਨ ਵਾਲੇ ਹਨ।


Related News