ਬਾਰਾਤ ''ਤੇ ਸ਼ਰਾਰਤੀ ਅਨਸਰਾਂ ਦਾ ਹਮਲਾ, ਲਾੜੇ ''ਤੇ ਤਾਣ ਦਿੱਤੀ ਬੰਦੂਕ
Tuesday, Mar 11, 2025 - 05:49 PM (IST)

ਆਗਰਾ- ਆਗਰਾ 'ਚ ਕੁਝ ਲੋਕਾਂ ਵਲੋਂ ਇਕ ਦਲਿਤ ਲਾੜੇ 'ਤੇ ਉਸ ਦੀ ਬਾਰਾਤ 'ਚ ਹਮਲਾ ਕਰਨਾ ਅਤੇ ਜਾਤੀ ਆਧਾਰਿਤ ਟਿੱਪਣੀ ਕਰਨ ਦੀ ਘਟਨਾ ਸਾਹਮਣੇ ਆਉਣ ਮਗਰੋਂ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਮੁਤਾਬਕ ਵਿਸ਼ਾਲ ਦੀ ਬਾਰਾਤ 6 ਮਾਰਚ ਨੂੰ ਅਜੀਜ਼ਪੁਰ ਪਿੰਡ ਆਈ ਸੀ। ਇਸ ਦੌਰਾਨ ਕਾਰ 'ਚ ਸਵਾਰ 3 ਤੋਂ 4 ਲੋਕਾਂ ਨੇ ਬਾਰਾਤ ਵਿਚ ਸ਼ਾਮਲ ਲੋਕਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਰਾਹ ਮੰਗਣ ਲੱਗੇ।
ਲਾੜੇ ਵਿਸ਼ਾਲ ਦੇ ਪਿਤਾ ਮੁਕੇਸ਼ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਡਾ. ਬੀ. ਆਰ. ਅੰਬੇਡਕਰ ਅਤੇ ਗੌਤਮ ਬੁੱਧ ਦੀਆਂ ਤਸਵੀਰਾਂ ਵੇਖ ਕੇ ਉਹ ਹਮਲਾਵਰ ਹੋ ਗਏ ਅਤੇ ਤਸਵੀਰਾਂ ਦੇ ਸ਼ੀਸ਼ੇ ਤੋੜ ਦਿੱਤੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਦੋਸ਼ੀਆਂ ਨੇ ਵਿਸ਼ਾਲ ਦੇ ਸਿਰ 'ਤੇ ਬੰਦੂਕ ਦੀ ਬੱਟ ਨਾਲ ਵਾਰ ਕਰ ਕੇ ਹਮਲਾ ਕਰ ਦਿੱਤਾ ਅਤੇ ਬੰਦੂਕ ਵੀ ਤਾਣੀ। ਉਨ੍ਹਾਂ ਨੇ ਜਾਤੀ ਆਧਾਰਿਤ ਅਪਸ਼ਬਦ ਆਖੇ ਅਤੇ ਵਿਆਹ ਰੋਕਣ ਦੀ ਧਮਕੀ ਦਿੱਤੀ।
ਸਹਾਇਕ ਪੁਲਸ ਕਮਿਸ਼ਨਰ (ACP) ਦੇਵੇਸ਼ ਨੇ ਦੱਸਿਆ ਕਿ ਪੁਲਸ ਨੂੰ 10 ਮਾਰਚ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ। ਸ਼ਿਕਾਇਤ ਦੇ ਆਧਾਰ 'ਤੇ ਵਿਸ਼ਨੂੰ ਸ਼ਰਮਾ ਅਤੇ ਉਸ ਦੇ ਪੁੱਤਰ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਿਕਾਇਤਕਰਤਾ ਨੇ ਬਾਅਦ 'ਚ ਪੁਲਸ ਕੋਲ ਪਹੁੰਚ ਕੀਤੀ, ਜਿਸ ਕਾਰਨ FIR ਦਰਜ ਕਰਨ ਵਿਚ ਦੇਰੀ ਹੋਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਮੁਕੇਸ਼ ਕੁਮਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 7 ਮਾਰਚ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਪਰ ਮਾਮਲਾ 10 ਮਾਰਚ ਨੂੰ ਦਰਜ ਕੀਤਾ ਗਿਆ ਸੀ।