ਚੱਕਰਵਾਤੀ ਤੂਫ਼ਾਨ ਦੇ ਪ੍ਰਭਾਵ ਨਾਲ ਚੇਨਈ ਅਤੇ ਨੇੜੇ-ਤੇੜੇ ਦੇ ਜ਼ਿਲ੍ਹਿਆਂ ''ਚ ਭਾਰੀ ਮੀਂਹ, ਆਮ ਜਨਜੀਵਨ ਪ੍ਰਭਾਵਿਤ
Monday, Dec 04, 2023 - 06:11 PM (IST)
ਚੇਨਈ (ਭਾਸ਼ਾ)- ਚੱਕਰਵਾਤੀ ਤੂਫਾਨ 'ਮਿਚੌਂਗ' ਦੇ ਪ੍ਰਭਾਵ ਕਾਰਨ ਸੋਮਵਾਰ ਨੂੰ ਚੇਨਈ ਅਤੇ ਇਸ ਦੇ ਨੇੜੇ-ਤੇੜੇ ਦੇ ਜ਼ਿਲ੍ਹਿਆਂ ਵਿਚ ਜਨਜੀਵਨ ਪ੍ਰਭਾਵਿਤ ਹੋ ਗਿਆ। ਲਗਾਤਾਰ ਮੀਂਹ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਪਾਣੀ ਭਰ ਗਿਆ, ਜਿਸ ਨਾਲ 2015 ਦੇ ਹੜ੍ਹਾਂ ਦੇ ਦੁਹਰਾਉਣ ਦਾ ਡਰ ਪੈਦਾ ਹੋ ਗਿਆ। ਬਰਸਾਤ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਵਸਤਾਂ ਲਈ ਭੱਜਣਾ ਪੈ ਰਿਹਾ ਹੈ। ਤੇਜ਼ ਹਵਾਵਾਂ ਦੇ ਨਾਲ-ਨਾਲ ਤੇਜ਼ ਬਾਰਿਸ਼ ਕਾਰਨ ਸ਼ਹਿਰ ਦੇ ਕਈ ਇਲਾਕਿਆਂ 'ਚ ਬਿਜਲੀ ਗੁੱਲ ਹੋ ਗਈ ਅਤੇ ਇੰਟਰਨੈੱਟ ਸੇਵਾ ਠੱਪ ਹੋ ਗਈ। ਚੱਕਰਵਾਤੀ ਤੂਫਾਨ 'ਮਿਚੌਂਗ' ਦੇ ਮੰਗਲਵਾਰ ਸਵੇਰੇ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ। ਖ਼ਰਾਬ ਮੌਸਮ ਕਾਰਨ ਕਈ ਰੇਲ ਗੱਡੀਆਂ ਅਤੇ ਉਡਾਣਾਂ ਰੱਦ ਹੋਣ ਕਾਰਨ ਆਵਾਜਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਚੇਨਈ ਦੇ ਕਈ ਹਿੱਸੇ ਅਤੇ ਨਾਲ ਲੱਗਦੇ ਕਾਂਚੀਪੁਰਮ, ਚੇਂਗਲਪੇਟ ਅਤੇ ਤਿਰੂਵੱਲੁਰ ਦੇ ਇਲਾਕਿਆਂ ਵਿਚ ਹੜ੍ਹ ਆ ਗਏ ਅਤੇ ਸੜਕਾਂ ਤੋਂ ਖੜ੍ਹੇ ਪਾਣੀ ਨੂੰ ਹਟਾਉਣ ਲਈ ਸਰਕਾਰੀ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ।
ਇਹ ਵੀ ਪੜ੍ਹੋ : ਭਾਰਤੀ ਹਵਾਈ ਫ਼ੌਜ ਦਾ ਟਰੇਨੀ ਜਹਾਜ਼ ਹਾਦਸੇ ਦਾ ਸ਼ਿਕਾਰ, 2 ਪਾਇਲਟਾਂ ਦੀ ਮੌਤ
ਭਾਰਤ ਮੌਸਮ ਵਿਗਿਆਨ (IMD) ਵਿਭਾਗ ਵਲੋਂ ਜਾਰੀ ਕੀਤੇ ਗਏ ਇਕ ਅਪਡੇਟ ਅਨੁਸਾਰ,"ਚੱਕਰਵਾਤੀ ਤੂਫਾਨ 'ਮਿਚੌਂਗ' ਪੱਛਮੀ ਮੱਧ ਅਤੇ ਨਾਲ ਲੱਗਦੇ ਦੱਖਣੀ ਆਂਧਰਾ ਪ੍ਰਦੇਸ਼ ਅਤੇ ਉੱਤਰੀ ਤਾਮਿਲਨਾਡੂ ਦੇ ਤੱਟਾਂ ਦੇ ਨੇੜੇ ਦੱਖਣ-ਪੱਛਮੀ ਬੰਗਾਲ ਦੀ ਖਾੜੀ 'ਤੇ ਕੇਂਦਰਿਤ ਹੈ ਅਤੇ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਨਾਲ ਉੱਤਰ-ਪੱਛਮ ਵੱਲ ਵਧ ਰਿਹਾ ਹੈ। ਇਹ 4 ਦਸੰਬਰ ਨੂੰ ਉਸੇ ਖੇਤਰ ਵਿਚ ਇਕ ਗੰਭੀਰ ਚੱਕਰਵਾਤੀ ਤੂਫਾਨ ਵਿਚ ਬਦਲ ਗਿਆ। ਇਹ ਉੱਤਰ ਵੱਲ ਲਗਭਗ ਸਮਾਨਾਂਤਰ ਅਤੇ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟ ਦੇ ਨੇੜੇ ਜਾਣ ਦੀ ਸੰਭਾਵਨਾ ਹੈ ਅਤੇ 5 ਦਸੰਬਰ ਦੀ ਦੁਪਹਿਰ ਦੌਰਾਨ ਇਕ ਗੰਭੀਰ ਚੱਕਰਵਾਤੀ ਤੂਫਾਨ ਦੇ ਰੂਪ ਵਿਚ ਨੇਲੋਰ ਅਤੇ ਮਛਲੀਪਟਨਮ ਦੇ ਤੱਟ ਨਾਲ ਟਕਰਾਏਗੀ।'' ਕੈਬਨਿਟ ਮੰਤਰੀ ਉਧਯਨਿਧੀ ਸਟਾਲਿਨ ਅਤੇ ਮਾਨਯੋਗ ਸੁਬਰਾਮਨੀਅਮ ਨੇ ਚੇਨਈ ਵਿਚ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਰਾਹਤ ਗਤੀਵਿਧੀਆਂ ਦਾ ਨਿਰੀਖਣ ਕੀਤਾ। ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਕਿਹਾ ਕਿ ਲਗਾਤਾਰ ਮੀਂਹ ਕਾਰਨ ਚੇਨਈ ਹਵਾਈ ਅੱਡੇ ਦਾ ਸੰਚਾਲਨ ਸਵੇਰੇ 9.40 ਤੋਂ ਰਾਤ 11 ਵਜੇ ਤੱਕ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਲਗਭਗ 70 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਰਨਵੇਅ ਵੀ ਬੰਦ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8