ਕਮਜ਼ੋਰ ਪਿਆ ਚੱਕਰਵਾਤ ਤੂਫਾਨ 'ਨਿਸਰਗ', ਮੁੰਬਈ ਦੇ ਕੁਝ ਹਿੱਸਿਆਂ 'ਚ ਪਿਆ ਮੀਂਹ

Thursday, Jun 04, 2020 - 06:20 PM (IST)

ਮੁੰਬਈ— ਚੱਕਰਵਾਤ ਤੂਫਾਨ ਨਿਸਰਗ ਦੇ ਮਹਾਰਾਸ਼ਟਰ ਦੇ ਤੱਟਵਰਤੀ ਇਲਾਕਿਆਂ ਨਾਲ ਟਕਰਾਉਣ ਤੋਂ ਬਾਅਦ ਬੁੱਧਵਾਰ ਦੀ ਦੁਪਹਿਰ ਨੂੰ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪਿਆ। ਮਹਾਰਾਸ਼ਟਰ ਵਿਚ ਚੱਕਰਵਾਤ ਤੂਫਾਨ 'ਨਿਸਰਗ' ਕਾਰਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ, ਜਿਸ ਨਾਲ ਕਈ ਮਕਾਨਾਂ ਅਤੇ ਗੱਡੀਆਂ ਨੁਕਸਾਨੀਆਂ ਗਈਆਂ। ਵੱਡੀ ਗਿਣਤੀ ਵਿਚ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ। ਹਾਲਾਂਕਿ ਦੇਰ ਰਾਤ ਨਿਸਰਗ ਕਮਜ਼ੋਰ ਪੈ ਗਿਆ। ਹੁਣ ਇਹ 50 ਕਿਲੋਮੀਟਰ ਦੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ। ਮੌਸਮ ਵਿਭਾਗ ਨੇ ਨਿਸਰਗ ਦੇ ਕਮਜ਼ੋਰ ਪੈਣ 'ਤੇ ਮੁੰਬਈ, ਠਾਣੇ ਅਤੇ ਰਾਏਗੜ੍ਹ ਜ਼ਿਲਿਆਂ ਲਈ ਵੀਰਵਾਰ ਭਾਵ ਅੱਜ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਮੁੰਬਈ ਲਈ ਗ੍ਰੀਨ ਅਲਰਟ ਯਾਨੀ ਕਿ ਹਲਕੀ ਤੋਂ ਲੈ ਕੇ ਮੱਧ ਪੱਧਰ ਦਾ ਮੀਂਹ ਅਤੇ ਪਾਲਘਰ ਲਈ ਆਰੇਂਜ ਅਲਰਟ ਯਾਨੀ ਕਿ ਭਾਰੀ ਤੋਂ ਬਹੁਤ ਭਾਰੀ ਮੀਂਹ ਜਾਰੀ ਕੀਤਾ ਹੈ। 

ਦੱਸਣਯੋਗ ਹੈ ਕਿ ਚੱਕਰਵਾਤ ਤੂਫਾਨ ਬੁੱਧਵਾਰ ਦੁਪਹਿਰ ਬਾਅਦ 12.30 ਵਜੇ ਮਹਾਰਾਸ਼ਟਰ ਦੇ ਅਲੀਬਾਗ ਵਿਚ ਸਮੁੰਦਰੀ ਤੱਟ ਨਾਲ ਟਕਰਾਇਆ, ਜਿਸ ਕਾਰਨ ਮਹਾਰਾਸ਼ਟਰ ਦੇ ਕਈ ਖੇਤਰਾਂ 'ਚ ਭਾਰੀ ਮੀਂਹ ਪਿਆ। ਇਸ ਦੌਰਾਨ ਰਾਏਗੜ੍ਹ ਜ਼ਿਲੇ ਵਿਚ ਕਈ ਦਰੱਖਤ ਜੜ੍ਹੋ ਉੱਖੜ ਗਏ। ਹਾਲਾਂਕਿ ਚੱਕਰਵਾਤ ਤੂਫਾਨ ਨਿਸਰਗ ਹੌਲੀ-ਹੌਲੀ ਕਮਜ਼ੋਰ ਹੋ ਗਿਆ। ਮੁੰਬਈ 'ਚ ਚੱਕਰਵਾਤ ਤੂਫਾਨ ਕਾਰਨ ਭਾਰੀ ਮੀਂਹ ਪਿਆ ਪਰ ਤੂਫਾਨ ਕਮਜ਼ੋਰ ਪੈਦੇ ਹੀ ਕਈ ਸ਼ਹਿਰਾਂ ਦੇ ਕਈ ਹਿੱਸਿਆਂ 'ਚ ਲੋਕਾਂ ਨੂੰ ਸੜਕਾਂ 'ਤੇ ਦੇਖਿਆ ਗਿਆ। ਮੁੰਬਈ ਤੋਂ 100 ਕਿਲੋਮੀਟਰ ਦੂਰ ਅਲੀਬਾਗ ਵਿਚ ਜ਼ਿਆਦਾ ਅਸਰ ਅਤੇ ਨੁਕਸਾਨ ਰਿਹਾ। ਰਾਏਗੜ੍ਹ ਜ਼ਿਲੇ ਦੇ ਅਲੀਬਾਗ ਦੇ ਉਮਟੇ ਪਿੰਡ 'ਚ ਇਕ ਬਜ਼ੁਰਗ ਵਿਅਕਤੀ ਦੀ ਸਿਰ 'ਤੇ ਬਿਜਲੀ ਦਾ ਖੰਭਾ ਡਿੱਗਣ ਨਾਲ ਮੌਤ ਹੋ ਗਈ, ਜਦਕਿ ਪੁਣੇ ਵਿਚ ਕੰਧ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋਈ।  


Tanu

Content Editor

Related News