ਚੱਕਰਵਾਤ ਅਰਨਬ ਤੇਜ਼ੀ ਨਾਲ ਆਂਧਰਾ ਪ੍ਰਦੇਸ਼ ਵੱਲ ਵਧ ਰਿਹੈ, 16 ਜ਼ਿਲਿਆਂ ’ਚ ਅਲਰਟ
Tuesday, Oct 27, 2026 - 08:53 PM (IST)
ਕੋਲਕਾਤਾ, (ਏਜੰਸੀ)-ਬੰਗਾਲ ਦੀ ਖਾੜੀ ਵਿਚ ਚੱਕਰਵਾਤ ਅਰਨਬ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਦੇ 28 ਅਕਤੂਬਰ ਦੀ ਸਵੇਰ ਯਨਮ ਦੇ ਨੇੜੇ ਬਾਪਟਲਾ ਅਤੇ ਵਿਸ਼ਾਖਾਪਟਨਮ ਵਿਚਾਲੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ। ਇਸ ਨੂੰ ਦੇਖਦਿਆਂ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਇਲਾਕਿਆਂ ਵਿਚ ਬਚਾਅ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਆਂਧਰਾ ਪ੍ਰਦੇਸ਼ ਦੇ 16 ਜ਼ਿਲਿਆਂ ਵਿਚ ਅਲਰਟ ਜਾਰੀ ਕੀਤਾ ਗਿਆ ਹੈ। ਵਿਸ਼ਾਖਾਪਟਨਮ ਵਿਚ ਓਰੇਂਜ ਅਲਰਟ ਹੈ। ਸ਼੍ਰੀਕਾਕੁਲਮ, ਵਿਜੇਨਗਰਮ ਅਤੇ ਅਨਕਾਪੱਲੀ ਵਿਚ ਤੇਜ਼ ਹਵਾਵਾਂ ਅਤੇ ਹਲਕੇ ਮੀਂਹ ਦੀ ਸੰਭਾਵਨਾ ਹੈ।
ਓਡਿਸ਼ਾ ਦੇ ਪੁਰੀ ਵਿਚ ਭਾਰੀ ਮੀਂਹ ਨਾਲ ਪਾਣੀ ਭਰ ਗਿਆ ਹੈ। ਖੁਰਦਾ ਵਿਚ ਵੀ ਮੀਂਹ ਪਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਬੇੜੀਆਂ ਦਾ ਸੰਚਾਲਨ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਸਕੂਲ ਵੀ ਬੰਦ ਹਨ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਅਨੁਸਾਰ, ਚੱਕਰਵਾਤ ਦੇ 28 ਅਕਤੂਬਰ ਨੂੰ ਆਂਧਰਾ ਪ੍ਰਦੇਸ਼ ਅਤੇ ਪੁਡੂਚੇਰੀ ਦੇ ਯਨਮ ਤੱਟਾਂ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਇਸ ਦੇ ਪ੍ਰਭਾਵ ਨਾਲ ਦੱਖਣੀ ਬੰਗਾਲ ਦੇ ਸਾਰੇ ਜ਼ਿਲਿਆਂ ਵਿਚ 29 ਅਕਤੂਬਰ ਤੱਕ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਕਿਹਾ ਕਿ ਸੂਬੇ ਦੇ ਕੁਝ ਜ਼ਿਲਿਆਂ ਵਿਚ 30 ਅਕਤੂਬਰ ਤੱਕ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ।
ਮੰਗਲਵਾਰ ਨੂੰ ਦੱਖਣ 24 ਪਰਗਨਾ ਅਤੇ ਪੂਰਬੀ ਮੇਦਿਨੀਪੁਰ ਦੇ ਤੱਟਵਰਤੀ ਜ਼ਿਲਿਆਂ ਵਿਚ ਦਰਮਿਆਨਾ ਮੀਂਹ ਪਿਆ। ਮੌਸਮ ਪ੍ਰਣਾਲੀ ਦੇ ਪ੍ਰਭਾਵ ਨਾਲ ਝਾੜਗ੍ਰਾਮ, ਪੱਛਮੀ ਮੇਦਿਨੀਪੁਰ, ਹਾਵੜਾ ਅਤੇ ਕੋਲਕਾਤਾ ਦੇ ਕੁਝ ਇਲਾਕਿਆਂ ਵਿਚ ਵੀ ਮੀਂਹ ਪਿਆ। ਮੌਸਮ ਵਿਭਾਗ ਨੇ ਮਛੇਰਿਆਂ ਨੂੰ 29 ਅਕਤੂਬਰ ਤੱਕ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਹੈ। ਵਿਭਾਗ ਨੇ ਕਿਹਾ ਕਿ ਇਸ ਦੌਰਾਨ ਖੇਤਰ ਵਿਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਕਿਤੇ-ਕਿਤੇ ਹਵਾ ਦੀ ਗਤੀ 60 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚਣ ਦੀ ਬਹੁਤ ਸੰਭਾਵਨਾ ਹੈ। ਆਈ. ਐੱਮ. ਡੀ. ਅਨੁਸਾਰ, ਕੋਲਕਾਤਾ ਵਿਚ ਅਗਲੇ ਦੋ ਦਿਨਾਂ ਤੱਕ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ।
