ਚੁਣਾਵੀ ਹਾਰ ਦੇ ਕਾਰਨਾਂ ’ਤੇ ਚਰਚਾ ਲਈ ਭਲਕੇ ਕਾਂਗਰਸ ਕਾਰਜ ਕਮੇਟੀ ਦੀ ਬੈਠਕ
Saturday, Mar 12, 2022 - 06:09 PM (IST)
ਨਵੀਂ ਦਿੱਲੀ- ਹਾਲ ਹੀ ’ਚ ਵਿਧਾਨ ਸਭਾ ਚੋਣਾਂ ’ਚ ਕਰਾਰੀ ਹਾਰ ਦਾ ਸਾਹਮਣਾ ਕਰਨ ਮਗਰੋਂ ਕਾਂਗਰਸ ਕਾਰਜ ਕਮੇਟੀ (ਸੀ. ਡਬਲਯੂ. ਸੀ.) ਦੀ ਬੈਠਕ ਐਤਵਾਰ ਨੂੰ ਹੋਵੇਗੀ। ਇਸ ਬੈਠਕ ’ਚ ਹਾਰ ਦੇ ਕਾਰਨਾਂ ਦੀ ਸਮੀਖਿਆ ਅਤੇ ਅੱਗੇ ਦੀ ਰਣਨੀਤੀ ’ਤੇ ਚਰਚਾ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਐਤਵਾਰ ਸ਼ਾਮ 4 ਵਜੇ ਸੀ. ਡਬਲਯੂ. ਸੀ. ਦੀ ਬੈਠਕ ਬੁਲਾਈ ਹੈ। ਕਾਂਗਰਸ ਦੀ ਇਹ ਬੈਠਕ ਅਜਿਹੇ ਸਮੇਂ ਹੋਣ ਜਾ ਰਹੀ ਹੈ, ਜਦੋਂ ਕਾਂਗਰਸ ਨੇ ਪੰਜਾਬ ’ਚ ਸੱਤਾ ਗੁਆ ਦਿੱਤੀ ਹੈ ਅਤੇ ਉੱਤਰ ਪ੍ਰਦੇਸ਼, ਗੋਆ, ਉਤਰਾਖੰਡ ਅਤੇ ਮਣੀਪੁਰ ’ਚ ਵੀ ਉਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਦੱਸ ਦੇਈਏ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਕਰਾਰੀ ਹਾਰ ਮਗਰੋਂ ਪਾਰਟੀ ਦੇ ‘ਜੀ-23’ ਸਮੂਹ ਦੇ ਕਈ ਨੇਤਾਵਾਂ ਨੇ ਵੀ ਸ਼ੁੱਕਰਵਾਰ ਨੂੰ ਬੈਠਕ ਕੀਤੀ, ਜਿਸ ’ਚ ਅੱਗੇ ਦੀ ਰਣਨੀਤੀ ’ਤੇ ਚਰਚਾ ਕੀਤੀ ਗਈ। ਰਾਜ ਸਭਾ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਦੀ ਰਿਹਾਇਸ਼ ’ਤੇ ਹੋਈ ਇਸ ਬੈਠਕ ’ਚ ਕਪਿਲ ਸਿੱਬਲ, ਆਨੰਦ ਸ਼ਰਮਾ ਅਤੇ ਮਨੀਸ਼ ਤਿਵਾੜੀ ਸ਼ਾਮਲ ਹੋਏ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਕਾਰਜ ਕਮੇਟੀ ’ਚ ਸ਼ਾਮਲ ‘ਜੀ-23’ ਦੇ ਨੇਤਾ ਚੁਣਾਵੀ ਹਾਰ ਦਾ ਮੁੱਦਾ ਅਤੇ ਪਾਰਟੀ ਸੰਗਠਨ ’ਚ ਜ਼ਰੂਰੀ ਬਦਲਾਅ ਅਤੇ ਜਵਾਬਦੇਹੀ ਯਕੀਨੀ ਕਰਨ ਦੀ ਆਪਣੀ ਪੁਰਾਣੀ ਮੰਗ ਚੁੱਕ ਸਕਦੇ ਹਨ।
‘ਜੀ-23’ ਸਮੂਹ ਮੁਖੀ ਮੈਂਬਰ ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਕਾਂਗਰਸ ਕਾਰਜ ਕਮੇਟੀ ’ਚ ਸ਼ਾਮਲ ਹਨ। ਕਾਂਗਰਸ ਦੇ ‘ਜੀ-23’ ਸਮੂਹ ’ਚ ਸ਼ਾਮਲ ਨੇਤਾਵਾਂ ਨੇ ਅਗਸਤ 2020 ’ਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਕਾਂਗਰਸ ’ਚ ਸਰਗਰਮ ਪ੍ਰਧਾਨ ਅਤੇ ਸੰਗਠਨ ’ਚ ਬਦਲਾਅ ਦੀ ਮੰਗ ਕੀਤੀ ਸੀ। ਇਸ ਸਮੂਹ ਦੇ ਦੋ ਨੇਤਾ ਜਿਤਿਨ ਪ੍ਰਸਾਦ ਅਤੇ ਯੋਗਾਨੰਦ ਸ਼ਾਸਤਰੀ ਹੁਣ ਕਾਂਗਰਸ ਛੱਡ ਚੁੱਕੇ ਹਨ।