ਹਿਮਾਚਲ ’ਚ ਉਸਾਰੀ ਅਧੀਨ ਟਨਲ ’ਚ ਬਲਾਸਟਿੰਗ ਕਾਰਨ ਘਰਾਂ ਤੇ ਹੋਟਲ ’ਚ ਆਈਆਂ ਤਰੇੜਾਂ
Saturday, Jan 10, 2026 - 11:11 PM (IST)
ਸ਼ਿਮਲਾ, (ਅੰਬਾਦਤ)– ਹਿਮਾਚਲ ਪ੍ਰਦੇਸ਼ ’ਚ ਸਥਿਤ ਸੰਜੌਲੀ ਦੇ ਚਲੌਂਠੀ ’ਚ ਉਸਾਰੀ ਅਧੀਨ ਫੋਰਲੇਨ ਦੀ ਟਨਲ ਵਿਚ ਬਲਾਸਟਿੰਗ ਕਾਰਨ ਘਰਾਂ ਤੇ ਹੋਟਲ ਵਿਚ ਤਰੇੜਾਂ ਪੈਣ ਨਾਲ ਹਫੜਾ-ਦਫ਼ੜੀ ਮਚ ਗਈ। ਸ਼ੁੱਕਰਵਾਰ ਅੱਧੀ ਰਾਤ ਨੂੰ ਇਕ ਹੋਟਲ ਤੇ 2 ਮਕਾਨਾਂ ਨੂੰ ਖਾਲੀ ਕਰਵਾਇਆ ਗਿਆ।
ਹੋਟਲ ਵਿਚ ਠਹਿਰੇ ਸੈਲਾਨੀਆਂ ਨੂੰ ਸੜਕਾਂ ’ਤੇ ਆਉਣਾ ਪਿਆ। ਇਸੇ ਤਰ੍ਹਾਂ 2 ਮਕਾਨਾਂ ਵਿਚੋਂ ਲੱਗਭਗ 15 ਪਰਿਵਾਰਾਂ ਨੂੰ ਦੂਜੀ ਥਾਂ ਸ਼ਿਫਟ ਕੀਤਾ ਗਿਆ। ਦੇਰ ਰਾਤ ਤੱਕ ਲੋਕ ਸੜਕ ਕਿਨਾਰੇ ਖੜ੍ਹੇ ਰਹੇ। ਬਲਾਸਟਿੰਗ ਕਾਰਨ ਟਨਲ ਦੇ ਉੱਪਰ ਬਣੇ 5 ਘਰ ਖ਼ਤਰੇ ਦੀ ਲਪੇਟ ਵਿਚ ਆ ਗਏ ਹਨ।
ਸਥਾਨਕ ਲੋਕਾਂ ਨੇ ਦੋਸ਼ ਲਾਇਆ ਹੈ ਕਿ ਫੋਰਲੇਨ ਦਾ ਨਿਰਮਾਣ ਕਰ ਰਹੀ ਕੰਪਨੀ ਦੇ ਮੁਲਾਜ਼ਮ ਟਨਲ ਦੇ ਅੰਦਰ ਰਾਤ ਨੂੰ 10 ਵਜੇ, 10:30 ਵਜੇ, 2 ਵਜੇ, 2:30 ਵਜੇ ਤੇ 4 ਵਜੇ ਬਲਾਸਟਿੰਗ ਕਰ ਰਹੇ ਸਨ। ਇਸ ਕਾਰਨ ਸਾਡੇ ਘਰ ਹਿੱਲਦੇ ਹਨ ਅਤੇ ਘਰਾਂ ਵਿਚ ਤਰੇੜਾਂ ਆ ਗਈਆਂ ਹਨ। ਇਸੇ ਤਰ੍ਹਾਂ ਇੱਥੇ ਕੁਝ ਕੁਦਰਤੀ ਚਸ਼ਮਿਆਂ ਦਾ ਪਾਣੀ ਵੀ ਬਲਾਸਟਿੰਗ ਕਾਰਨ ਪੂਰੀ ਤਰ੍ਹਾਂ ਸੁੱਕ ਗਿਆ ਹੈ। ਲੋਕਾਂ ਨੇ ਕਿਹਾ ਕਿ ਹੁਣ ਸਿਰਫ਼ ਮੁਆਵਜ਼ਾ ਨਹੀਂ, ਸਗੋਂ ਸੁਰੱਖਿਆ, ਭਰੋਸਾ ਤੇ ਇਨਸਾਫ਼ ਚਾਹੀਦਾ ਹੈ। ਜੇਕਰ ਪ੍ਰਸ਼ਾਸਨ ਸਾਡੀ ਆਵਾਜ਼ ਨਹੀਂ ਸੁਣਦਾ ਤਾਂ ਅਸੀਂ ਸੜਕਾਂ ’ਤੇ ਉਤਰਾਂਗੇ।
