50 ਲੱਖ ਦੀ ਰਿਸ਼ਵਤ ਲੈਂਦੇ CPWD ਦੇ ਕਾਰਜਕਾਰੀ ਇੰਜੀਨੀਅਰ ਸਣੇ 5 ਰੰਗੇ ਹੱਥੀਂ ਕਾਬੂ

Saturday, Oct 03, 2026 - 04:24 AM (IST)

50 ਲੱਖ ਦੀ ਰਿਸ਼ਵਤ ਲੈਂਦੇ CPWD ਦੇ ਕਾਰਜਕਾਰੀ ਇੰਜੀਨੀਅਰ ਸਣੇ 5 ਰੰਗੇ ਹੱਥੀਂ ਕਾਬੂ

 ਮੁੰਬਈ : ਕੇਂਦਰੀ ਜਾਂਚ ਬਿਊਰੋ (CBI) ਨੇ ਰਿਸ਼ਵਤਖੋਰੀ ਦੇ ਇੱਕ ਮਾਮਲੇ ਵਿੱਚ ਮੁੰਬਈ ਵਿੱਚ ਵੱਡੀ ਕਾਰਵਾਈ ਕਰਦਿਆਂ ਕੇਂਦਰੀ ਲੋਕ ਨਿਰਮਾਣ ਵਿਭਾਗ (CPWD) ਦੇ ਇੱਕ ਕਾਰਜਕਾਰੀ ਇੰਜੀਨੀਅਰ (Executive Engineer), ਉਸ ਦੇ ਰਿਸ਼ਤੇਦਾਰ ਅਤੇ ਮੁੰਬਈ ਦੇ ਇੱਕ ਰੀਅਲ ਅਸਟੇਟ ਗਰੁੱਪ ਦੇ ਤਿੰਨ ਅਧਿਕਾਰੀਆਂ ਸਮੇਤ ਕੁੱਲ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਸੀ.ਬੀ.ਆਈ. ਅਨੁਸਾਰ ਵਡਾਲਾ ਸਥਿਤ ਇੱਕ ਨਿਰਮਾਣ ਪ੍ਰੋਜੈਕਟ ਲਈ ਇਤਰਾਜ਼-ਰਹਿਤ ਸਰਟੀਫਿਕੇਟ (NOC) ਜਾਰੀ ਕਰਨ ਦੇ ਬਦਲੇ 1 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ, ਜੋ ਬਾਅਦ ਵਿੱਚ 70 ਲੱਖ ਰੁਪਏ ਵਿੱਚ ਤੈਅ ਹੋਈ ਸੀ। ਗ੍ਰਿਫ਼ਤਾਰ ਕੀਤੇ ਗਏ ਕਾਰਜਕਾਰੀ ਇੰਜੀਨੀਅਰ ਦੀ ਪਛਾਣ ਵਿਕ੍ਰਾਂਤ ਵਰਮਾ ਵਜੋਂ ਹੋਈ ਹੈ। ਹੋਰ ਮੁਲਜ਼ਮਾਂ ਵਿੱਚ ਇੰਜੀਨੀਅਰ ਦਾ ਰਿਸ਼ਤੇਦਾਰ ਸੌਰਵ ਕੁਮਾਰ (ਵਾਸੀ ਪੁਣੇ), 'ਬਾਇਆ ਗਰੁੱਪ ਆਫ਼ ਕੰਪਨੀਜ਼' ਦੇ ਮੀਤ ਪ੍ਰਧਾਨ ਅਰਵਿੰਦ ਸੇਮਵਾਲ, ਕੰਪਨੀ ਮੈਨੇਜਰ ਚੇਤਨ ਮਹਾਜਨ ਅਤੇ ਬਾਇਆ ਗਰੁੱਪ ਦੀ ਭਾਈਵਾਲ ਫਰਮ 'ਰਿਨੇਸਾਂਸ' ਦੇ ਪਾਰਟਨਰ ਅਨਿਲ ਦੇਸ਼ਮੁਖ ਸ਼ਾਮਲ ਹਨ।

ਸੀ.ਬੀ.ਆਈ. ਨੇ 1 ਅਕਤੂਬਰ 2026 ਨੂੰ ਮਾਮਲਾ ਦਰਜ ਕਰਨ ਤੋਂ ਬਾਅਦ ਜਾਲ ਵਿਛਾਇਆ ਸੀ। ਇੰਜੀਨੀਅਰ ਵਿਕ੍ਰਾਂਤ ਵਰਮਾ ਵੱਲੋਂ ਉਸ ਦੇ ਰਿਸ਼ਤੇਦਾਰ ਸੌਰਵ ਕੁਮਾਰ ਨੂੰ ਰੀਅਲ ਅਸਟੇਟ ਗਰੁੱਪ ਦੇ ਮੀਤ ਪ੍ਰਧਾਨ ਅਰਵਿੰਦ ਸੇਮਵਾਲ ਕੋਲੋਂ 50 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਕਾਰਜਕਾਰੀ ਇੰਜੀਨੀਅਰ ਵਿਕ੍ਰਾਂਤ ਵਰਮਾ ਨੂੰ ਨਵੀਂ ਮੁੰਬਈ ਦੇ ਵਾਸ਼ੀ ਤੋਂ ਉਸ ਸਮੇਂ ਹਿਰਾਸਤ ਵਿੱਚ ਲਿਆ ਗਿਆ, ਜਦੋਂ ਉਹ ਰਿਸ਼ਵਤ ਦੇ ਪੈਸਿਆਂ ਦਾ ਇੰਤਜ਼ਾਰ ਕਰ ਰਿਹਾ ਸੀ।

ਜਾਂਚ ਦੌਰਾਨ ਸਾਹਮਣੇ ਆਇਆ ਕਿ 50 ਲੱਖ ਰੁਪਏ ਦੀ ਰਿਸ਼ਵਤ ਬਦਲੇ ਵਡਾਲਾ ਦੀ ਜ਼ਮੀਨ ਲਈ NOC ਜਾਰੀ ਕਰ ਦਿੱਤਾ ਗਿਆ ਸੀ, ਜਿਸ ਦੀ ਡਿਸਪੈਚ ਰਜਿਸਟਰ ਵਿੱਚ ਕੋਈ ਐਂਟਰੀ ਨਹੀਂ ਕੀਤੀ ਗਈ ਸੀ। ਬਾਕੀ 20 ਲੱਖ ਰੁਪਏ ਇੱਕ ਹਫ਼ਤੇ ਬਾਅਦ ਦਿੱਤੇ ਜਾਣੇ ਸਨ। ਗ੍ਰਿਫ਼ਤਾਰੀਆਂ ਤੋਂ ਬਾਅਦ ਮੁੰਬਈ, ਨਵੀਂ ਮੁੰਬਈ ਅਤੇ ਪੁਣੇ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਸੀ.ਬੀ.ਆਈ. ਨੇ ਰਿਸ਼ਵਤ ਦੀ ਰਕਮ ਤੋਂ ਇਲਾਵਾ 53.87 ਲੱਖ ਰੁਪਏ ਦੀ ਨਕਦੀ ਅਤੇ ਜਾਇਦਾਦਾਂ ਦੇ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ। ਸਾਰੇ ਪੰਜਾਂ ਮੁਲਜ਼ਮਾਂ ਨੂੰ ਮੁੰਬਈ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।


author

Inder Prajapati

Content Editor

Related News