ਉੱਤਰ ਪ੍ਰਦੇਸ਼ ਦੇ 50 ਸ਼ਹਿਰਾਂ ’ਚ 24 ਘੰਟਿਆਂ ਤੋਂ ਮੀਂਹ, ਸਿੱਕਮ ’ਚ ਜ਼ਮੀਨ ਖਿਸਕਣ ਨਾਲ 20 ਘਰ ਰੁੜ੍ਹੇ
Friday, Sep 25, 2026 - 07:37 PM (IST)
ਨਵੀਂ ਦਿੱਲੀ, (ਏਜੰਸੀ)-ਬੰਗਾਲ ਦੀ ਖਾੜੀ ਤੋਂ ਉੱਠਿਆ ਸਮੁੰਦਰੀ ਤੂਫਾਨ ‘ਅਰਨਬ’ ਭਾਵੇਂ ਕਮਜ਼ੋਰ ਪੈ ਗਿਆ ਹੈ, ਪਰ ਫਿਰ ਵੀ ਉੱਤਰ ਪ੍ਰਦੇਸ਼ ਦੇ 50 ਸ਼ਹਿਰਾਂ ’ਚ 24 ਘੰਟਿਆਂ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਸ਼ੁੱਕਰਵਾਰ ਸਵੇਰ ਤੋਂ ਹੀ ਲਖਨਊ ’ਚ ਸੰਘਣੇ ਕਾਲੇ ਬੱਦਲਾਂ ਕਾਰਨ ਹਨੇਰਾ ਛਾਇਅਾ ਰਿਹਾ। ਪੇਂਡੂ ਖੇਤਰਾਂ ’ਚ ਤੇਜ਼ ਹਨੇਰੀ ਨੇ ਫਸਲਾਂ ਨੂੰ ਉਖਾੜ ਦਿੱਤਾ। ਮੀਂਹ ਕਾਰਨ ਖੇਤਾਂ ’ਚ ਪਾਣੀ ਭਰ ਗਿਆ। ਲਗਾਤਾਰ ਮੀਂਹ ਕਾਰਨ ਸਿੱਕਮ ਦੇ ਗਿਆਲਸ਼ਿੰਗ ਜ਼ਿਲੇ ਦੇ ਰਿੰਬੀ ਪਿੰਡ ’ਚ ਵੀਰਵਾਰ ਰਾਤ ਜ਼ਮੀਨ ਖਿਸਕ ਗਈ, ਜਿਸ ਕਾਰਨ 20 ਤੋਂ ਵੱਧ ਘਰ ਤੇ ਸਰਕਾਰੀ ਕੁਆਰਟਰ ਰੁੜ੍ਹ ਗਏ। ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ।
ਸਮੁੰਦਰੀ ਤੂਫਾਨ ਕਾਰਨ ਓਡਿਸ਼ਾ ’ਚ ਭਾਰੀ ਮੀਂਹ ਪਿਆ ਜਿਸ ਕਾਰਨ ਅਚਾਨਕ ਹੜ੍ਹ ਅਾਉਣ ਤੇ ਜ਼ਮੀਨ ਖਿਸਕਣ ਦਾ ਖ਼ਤਰਾ ਵਧ ਗਿਆ ਹੈ। ਸੂਬੇ ਦੇ ਦੱਖਣੀ ਤੇ ਪੱਛਮੀ ਖੇਤਰਾਂ ਦੇ ਨੀਵੇਂ ਇਲਾਕਿਆਂ ’ਚ ਰਹਿਣ ਵਾਲੇ ਲਗਭਗ 10,000 ਲੋਕਾਂ ਨੂੰ 200 ਰਾਹਤ ਕੈਂਪਾਂ ’ਚ ਤਬਦੀਲ ਕੀਤਾ ਗਿਆ ਹੈ। ਸਮੁੰਦਰੀ ਤੂਫਾਨ ਨੇ 9 ਸੂਬਿਆਂ ਨੂੰ ਪ੍ਰਭਾਵਿਤ ਕੀਤਾ ਹੈ। ਅਗਲੇ 24 ਘੰਟਿਆਂ ਦੌਰਾਨ ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ਦੇ ਸਮੁੰਦਰੀ ਕੰਢੇ ਵਾਲੇ ਖੇਤਰਾਂ, ਓਡਿਸ਼ਾ ਤੇ ਤੇਲੰਗਾਨਾ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਖੇਤਰਾਂ ’ਚ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ।
ਉੱਤਰਾਖੰਡ ’ਚ ਬਰਫ਼ਬਾਰੀ, ਜ਼ਮੀਨ ਖਿਸਕੀ
ਉੱਤਰਾਖੰਡ ’ਚ ਮਾਨਸੂਨ ਫਿਰ ਸਰਗਰਮ ਹੋ ਗਿਆ ਹੈ। ਦੇਹਰਾਦੂਨ, ਨੈਨੀਤਾਲ ਤੇ ਹਰਿਦੁਆਰ ’ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਸ਼ੁੱਕਰਵਾਰ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਹਰਿਦੁਆਰ ’ਚ ਹਰਿ ਕੀ ਪੌੜੀ ਦੇ ਸਾਰੇ ਘਾਟ ਖਾਲੀ ਹੋ ਗਏ। ਸ਼ਰਧਾਲੂਆਂ ਨੂੰ ਹੋਰਨਾਂ ਥਾਵਾਂ ’ਤੇ ਜਾਣ ਲਈ ਮਜਬੂਰ ਹੋਣਾ ਪਿਆ।
ਚਮੋਲੀ ’ਚ ਕਰਨਪ੍ਰਯਾਗ-ਗੈਰਸੈਨ ਹਾਈਵੇਅ ’ਤੇ ਜ਼ਮੀਨ ਖਿਸਕਣ ਕਾਰਨ ਸੜਕ ਬੰਦ ਹੋ ਗਈ, ਜਿਸ ਨਾਲ ਇਕ ਸਕੂਟਰ ਮਲਬੇ ਹੇਠ ਦੱਬਿਆ ਗਿਆ। ਬਦਰੀਨਾਥ-ਸਤੋਪੰਥ ਰੂਟ ਦੇ ਚੱਕਰਤੀਰਥ ਖੇਤਰ ’ਚ ਭਾਰੀ ਬਰਫ਼ਬਾਰੀ ਹੋਈ। ਇਕ ਸਕੂਟਰ ਸਵਾਰ ਜ਼ਮੀਨ ਖਿਸਕਣ ਦੌਰਾਨ ਵਾਲ-ਵਾਲ ਬਚ ਗਿਆ। ਮੌਸਮ ਵਿਭਾਗ ਨੇ ਨੈਨੀਤਾਲ, ਚੰਪਾਵਤ ਅਤੇ ਊਧਮ ਸਿੰਘ ਨਗਰ ’ਚ ਕੁਝ ਥਾਵਾਂ ’ਤੇ ਭਾਰੀ ਮੀਂਹ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ।
