ਆਵਾਰਾ ਗਾਂਵਾਂ ਦੀ ਦੇਖਭਾਲ ਕਰ ਰਹੀ ਇਸ ਜਰਮਨ ਨਾਗਰਿਕ ਨੂੰ ਮਿਲੇਗਾ 'ਪਦਮਸ਼੍ਰੀ'
Monday, Jan 28, 2019 - 11:34 AM (IST)
ਮਥੁਰਾ— ਕੇਂਦਰ ਸਰਕਾਰ ਨੇ 25 ਸਾਲਾਂ ਤੋਂ ਆਵਾਰਾ ਗਾਂਵਾਂ ਦੀ ਦੇਖਭਾਲ ਕਰ ਰਹੀ ਇਕ ਜਰਮਨ ਨਾਗਰਿਕ ਨੂੰ ਪਦਮਸ਼੍ਰੀ ਨਾਲ ਸਨਮਾਨਤ ਕਰਨ ਦਾ ਫੈਸਲਾ ਕੀਤਾ ਹੈ। ਫਰੈਡਰਿਕ ਏਰਿਨਾ ਬਰੂਨਿੰਗ ਨਾਂ ਦੀ ਔਰਤ 25 ਸਾਲ ਪਹਿਲਾਂ ਯੂ.ਪੀ. ਦੇ ਮਥੁਰਾ ਘੁੰਮਣ ਆਈ ਸੀ, ਇੱਥੇ ਉਹ ਆਵਾਰਾ ਗਾਂਵਾਂ ਦੀ ਬਦਹਾਲੀ ਦੇਖ ਕੇ ਪਰੇਸ਼ਾਨ ਹੋ ਗਈ ਸੀ। ਉਸ ਨੇ ਤੈਅ ਕੀਤਾ ਕਿ ਉਹ ਪੂਰੀ ਉਮਰ ਇੱਥੇ ਰਹਿ ਕੇ ਇਨ੍ਹਾਂ ਜਾਨਵਰਾਂ ਦੀ ਦੇਖਭਾਲ ਕਰੇਗੀ। ਗਣਤੰਤਰ ਦਿਵਸ ਮੌਕੇ ਸਰਕਾਰ ਨੇ 'ਪਦਮਸ਼੍ਰੀ' ਐਵਾਰਡ ਦੀ ਲਿਸਟ 'ਚ ਏਰਿਨਾ ਦਾ ਨਾਂ ਵੀ ਸ਼ਾਮਲ ਕੀਤਾ ਹੈ। ਇਕ ਸੁੰਨਸਾਨ ਅਤੇ ਮਲਿਨ ਇਲਾਕੇ 'ਚ ਏਰਿਨਾ 1800 ਤੋਂ ਵਧ ਗਾਂਵਾਂ ਅਤੇ ਵੱਛਿਆਂ ਨੂੰ ਇਕ ਗਊਸ਼ਾਲਾ 'ਚ ਪਾਲ ਰਹੀ ਹੈ। ਉਹ ਦੱਸਦੀ ਹੈ ਕਿ ਗਊਸ਼ਾਲਾ ਦੇ ਜ਼ਿਆਦਾਤਰ ਜਾਨਵਰਾਂ ਨੂੰ ਉਨ੍ਹਾਂ ਦੇ ਮਾਲਕ ਨੇ ਛੱਡਣ ਤੋਂ ਬਾਅਦ ਫਿਰ ਤੋਂ ਅਪਣਾ ਲਿਆ ਸੀ ਅਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ। ਏਰਿਨਾ ਨੂੰ ਸਥਾਨਕ ਲੋਕ ਸੁਦੇਵੀ ਮਾਤਾਜੀ ਕਹਿ ਕੇ ਬੁਲਾਉਂਦੇ ਹਨ।
ਹਰ ਮਹੀਨੇ ਆਉਂਦਾ 35 ਲੱਖ ਖਰਚਾ
61 ਸਾਲ ਦੀ ਏਰਿਨਾ ਸਰਕਾਰ ਦੇ ਪ੍ਰਤੀ ਆਪਣਾ ਆਭਾਰ ਜ਼ਾਹਰ ਕਰਦੀ ਹੈ, ਜਿਸ ਨੇ ਉਸ ਦੇ ਕੰਮ ਨੂੰ ਪਛਾਣਿਆ ਅਤੇ ਸਨਮਾਨਤ ਕਰਨ ਦਾ ਫੈਸਲਾ ਕੀਤਾ। ਉਹ ਆਸ ਕਰਦੀ ਹੈ ਕਿ ਲੋਕ ਉਸ ਤੋਂ ਪ੍ਰਭਾਵਿਤ ਹੋਣਗੇ ਅਤੇ ਜਾਨਵਰਾਂ ਦੇ ਪ੍ਰਤੀ ਦਿਆਲੂ ਬਣਨਗੇ। ਉਹ ਦੱਸਦੀ ਹੈ,''ਗਊਸ਼ਾਲਾ 'ਚ 60 ਕਰਮਚਾਰੀ ਹਨ ਅਤੇ ਉਨ੍ਹਾਂ ਦੀ ਤਨਖਾਹ ਦੇ ਨਾਲ ਜਾਨਵਰਾਂ ਦੇ ਅਨਾਜ ਅਤੇ ਦਵਾਈਆਂ 'ਚ ਹਰ ਮਹੀਨੇ 35 ਲੱਖ ਰੁਪਏ ਦਾ ਖਰਚ ਆਉਂਦਾ ਹੈ।'' ਉਸ ਦੀ ਜੱਦੀ ਸੰਪਤੀ ਤੋਂ ਉਸ ਨੂੰ ਹਰ ਮਹੀਨੇ 6 ਤੋਂ 7 ਲੱਖ ਰੁਪਏ ਮਿਲਦੇ ਹਨ।
ਸਰਕਾਰ ਤੋਂ ਭਾਰਤੀ ਨਾਗਰਿਕਤਾ ਦੀ ਆਸ
ਏਰਿਨਾ ਨੇ ਕਿਹਾ,''ਮੈਂ ਇਕ ਬਹੁਤ ਛੋਟੇ ਜਿਹੇ ਵੇਹੜੇ 'ਚ ਇਸ ਦੀ ਸ਼ੁਰੂਆਤ ਕੀਤੀ ਸੀ ਅਤੇ ਫਿਰ ਰਾਧਾਕੁੰਭ 'ਚ ਸੁਰਭੀ ਗਊਸ਼ਾਲਾ ਨਿਕੇਤਨ ਨਾਂ ਨਾਲ ਇਕ ਗਊਸ਼ਾਲਾ ਦਾ ਨਿਰਮਾਣ ਕਰਵਾਇਆ।'' ਉਸ ਨੇ ਦੱਸਿਆ ਕਿ ਉਸ ਨੇ ਗਊਸ਼ਾਲਾ ਦੇ ਨਿਰਮਾਣ ਲਈ ਮਾਤਾ-ਪਿਤਾ ਦਾ ਪੈਸਾ ਲਗਾਇਆ ਹੈ। ਏਰਿਨਾ ਨੇ ਉਨ੍ਹਾਂ ਗਊਵੰਸ਼ਾਂ ਲਈ ਵੱਖ ਬਾੜੇ ਬਣਾਏ ਹਨ, ਜੋ ਅੰਨ੍ਹੇ ਜਾਂ ਜ਼ਖਮੀ ਹਨ ਅਤੇ ਉਨ੍ਹਾਂ ਨੂੰ ਵਿਸ਼ੇਸ਼ ਇਲਾਜ ਦੀ ਲੋੜ ਹੈ। ਹੁਣ ਇਸ ਜਰਮਨ ਨਾਗਰਿਕ ਨੂੰ ਸਰਕਾਰ ਤੋਂ ਇਕ ਹੀ ਚੀਜ਼ ਦੀ ਆਸ ਹੈ ਅਤੇ ਉਹ ਹੈ ਇਕ ਲਾਂਗ ਟਰਮ ਵੀਜ਼ਾ (ਲੰਬੇ ਸਮੇਂ ਲਈ ਵੀਜ਼ਾ) ਜਾਂ ਫਿਰ ਭਾਰਤੀ ਨਾਗਰਿਕਤਾ। ਉਹ ਕਹਿੰਦੀ ਹੈ,''ਤਾਂ ਕਿ ਮੈਨੂੰ ਹਰ ਸਾਲ ਆਪਣਾ ਵੀਜ਼ਾ ਰੀਨਿਊ ਨਾ ਕਰਵਾਉਣਾ ਪਵੇ।''
