ਜਦੋਂ ਅਹਿਮਦਾਬਾਦ ਏਅਰਪੋਰਟ ਦੇ ਰਣਵੇਅ ''ਤੇ ਆਈ ਗਾਂ
Friday, Jan 12, 2018 - 10:44 AM (IST)

ਨਵੀਂ ਦਿੱਲੀ— ਅਹਿਮਦਾਬਾਦ ਏਅਰਪੋਰਟ 'ਤੇ ਸੁਰੱਖਿਆ 'ਚ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਨੂੰ 10 ਜਨਵਰੀ ਦੇਰ ਰਾਤ ਨੂੰ ਏਅਰਪੋਰਟ ਦੇ ਰਣਵੇਅ 'ਤੇ ਗਾਂ ਦੇ ਆਉਣ ਕਾਰਨ 2 ਜਹਾਜ਼ਾਂ ਦੀ ਲੈਂਡਿੰਗ ਅਹਿਮਦਾਬਾਦ ਦੀ ਬਜਾਏ ਮੁੰਬਈ 'ਚ ਕਰਵਾਉਣੀ ਪਈ। ਏਅਰਪੋਰਟ ਅਥਾਰਿਟੀ ਆਫ ਇੰਡੀਆ (ਏ.ਏ.ਆਈ.) ਦੇ ਚੇਅਰਮੈਨ ਗੁਰੂਪ੍ਰਸਾਦ ਮੋਹਪਾਤਰਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਏਅਰਪੋਰਟ 'ਚ ਸੁਰੱਖਿਆ 'ਚ ਲਾਪਰਵਾਹੀ ਨੂੰ ਲੈ ਕੇ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਹਿਮਦਾਬਾਦ 'ਚ ਜਹਾਜ਼ਾਂ ਨਾਲ ਪੰਛੀਆਂ ਦੇ ਟਕਰਾਉਣ ਦੀਆਂ ਘਟਨਾਵਾਂ ਕਈ ਵਾਰ ਸਾਹਮਣੇ ਆ ਚੁਕੀਆਂ ਹਨ। ਏ.ਏ.ਆਈ. ਦੇ ਚੇਅਰਮੈਨ ਨੇ ਕਿਹਾ ਕਿ ਕਾਰਗੋ ਸਾਈਡ ਤੋਂ ਇਕ ਗਾਂ ਰਣਵੇਅ 'ਤੇ ਪੁੱਜ ਗਈ ਸੀ।
ਸਥਿਤੀ 'ਤੇ ਜਲਦ ਹੀ ਕੰਟਰੋਲ ਪਾ ਲਿਆ ਗਿਆ। ਹਾਲਾਂਕਿ ਉਸ ਸਮੇਂ 2 ਜਹਾਜ਼ਾਂ ਦੀ ਲੈਂਡਿੰਗ ਹੋਣੀ ਸੀ। ਇਨ੍ਹਾਂ 'ਚੋਂ ਇਕ ਜਹਾਜ਼ ਖਾੜੀ ਦੇ ਦੇਸ਼ਾਂ ਤੋਂ ਆ ਰਿਹਾ ਸੀ, ਜਦੋਂ ਕਿ ਦੂਜਾ ਮਾਲਵਾਹਕ ਜਹਾਜ਼ ਸੀ। ਰਣਵੇਅ 'ਤੇ ਗਾਂ ਹੋਣ ਕਾਰਨ ਦੋਹਾਂ ਜਹਾਜ਼ਾਂ ਦੀ ਲੈਂਡਿੰਗ ਸੰਭਵ ਨਹੀਂ ਹੋ ਸਕੀ ਤਾਂ ਉਨ੍ਹਾਂ ਦਾ ਰੂਟ ਡਾਇਵਰਟ ਕਰ ਕੇ ਮੁੰਬਈ ਭੇਜ ਦਿੱਤਾ ਗਿਆ। ਜਹਾਜ਼ਾਂ ਦੀ ਸੁਰੱਖਿਅਤ ਲੈਂਡਿੰਗ ਅਤੇ ਉਡਾਣ ਨੂੰ ਲੈ ਕੇ ਕਈ ਤਰ੍ਹਾਂ ਦੇ ਨਿਯਮ ਬਣਾਏ ਗਏ ਹਨ। ਸੁਰੱਖਿਆ ਮਾਨਕਾਂ ਨੂੰ ਪੂਰਾ ਹੋਣ ਦੇ ਬਾਅਦ ਹੀ ਹਵਾਈ ਅੱਡਿਆਂ ਨੂੰ ਆਪਰੇਸ਼ਨਲ ਮਨਜ਼ੂਰੀ ਦਿੱਤੀ ਜਾਂਦੀ ਹੈ। ਹਵਾਈ ਅੱਡਿਆਂ ਲਈ ਏਅਰਪੋਰਟ ਅਥਾਰਿਟੀ ਤੋਂ ਇਲਾਵਾ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਜ਼ਿੰਮੇਵਾਰ ਹੈ।