ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ’ਚ ਖੁੱਲ੍ਹਿਆ 400 ਬੈੱਡਾਂ ਦਾ ਕੋਵਿਡ ਦੇਖਭਾਲ ਕੇਂਦਰ
Monday, May 10, 2021 - 01:12 PM (IST)
ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਚ ਅੱਜ ਯਾਨੀ ਕਿ ਸੋਮਵਾਰ ਨੂੰ 400 ਬੈੱਡਾਂ ਨਾਲ ਗੁਰੂ ਤੇਗ ਬਹਾਦਰ ਕੋਵਿਡ ਦੇਖਭਾਲ ਕੇਂਦਰ ਖੋਲ੍ਹਿਆ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲਵਾਰ ਨੂੰ 100 ਹੋਰ ਬੈੱਡ ਉਪਲੱਬਧ ਕਰਵਾਏ ਜਾਣਗੇ।
ਸਿਰਸਾ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ ਤੋਂ 50 ਡਾਕਟਰਾਂ ਵਲੋਂ ਕੋਵਿਡ ਦੇਖਭਾਲ ਕੇਂਦਰ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ। ਕੋਵਿਡ ਦੇਖਭਾਲ ਕੇਂਦਰ ’ਚ ਡਾਕਟਰਾਂ ਦੇ ਸਹਿਯੋਗ ਲਈ 150 ਨਰਸਾਂ ਅਤੇ ਵਾਰਡ ਬੁਆਏ ਦੀ ਟੀਮ ਵੀ ਤਾਇਨਾਤ ਹੈ। ਮਨਜਿੰਦਰ ਸਿਰਸਾ ਮੁਤਾਬਕ ਅੱਜ ਇਸ ਕੋਵਿਡ ਦੇਖਭਾਲ ਕੇਂਦਰ ਦਾ ਉਦਘਾਟਨ ਕੀਤਾ ਗਿਆ, ਜਿਸ ’ਚ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਉੱਚੇਚੇ ਤੌਰ ’ਤੇ ਪੁੱਜੇ।
ਸਿਰਸਾ ਨੇ ਅੱਗੇ ਦੱਸਿਆ ਕਿ ਸਾਰੇ ਬੈੱਡਾਂ ’ਤੇ ਆਕਸੀਜਨ ਦੀ ਸਹੂਲਤ ਹੈ। ਇਨ੍ਹਾਂ ਨੂੰ 150 ਡੀ-ਟਾਈਪ ਸਿਲੰਡਰਾਂ ਨਾਲ ਜੋੜਿਆ ਗਿਆ ਹੈ। ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਰੈਮਡੇਸਿਵਿਰ ਅਤੇ ਫੈਬੀਫਲੂ ਵਰਗੀਆਂ ਜ਼ਰੂਰੀ ਦਵਾਈਆਂ ਦੀ ਵੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਨੂੰ ਪ੍ਰਤੀ ਮਿੰਟ 20 ਲੀਟਰ ਆਕਸੀਜਨ ਦੀ ਲੋੜ ਹੋਵੇਗੀ, ਉਨ੍ਹਾਂ ਦਾ ਇਲਾਜ ਇੱਥੇ ਹੋ ਸਕਦਾ ਹੈ।
ਇਲਾਜ, ਐਂਬੂਲੈਂਸ ਸੇਵਾ ਅਤੇ ਖਾਣੇ ਦੀ ਵਿਵਸਥਾ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ। ਸਿਰਸਾ ਮੁਤਾਬਕ ਅਭਿਨੇਤਾ ਅਮਿਤਾਭ ਬੱਚਨ ਨੇ ਕੋਵਿਡ ਕੇਂਦਰ ਲਈ 2 ਕਰੋੜ ਰੁਪਏ ਦਾਨ ਦਿੱਤੇ ਹਨ।