ਹਾਈਡ੍ਰੋਕਸੀਕਲੋਰੋਕਵੀਨ-ਏਜੀਥ੍ਰੋਮਾਈਸਿਨ ਦਾ ਇਕੱਠੇ ਸੇਵਨ ਹੋ ਸਕਦਾ ਹੈ ਖਤਰਨਾਕ : ਅਧਿਐਨ

05/26/2020 5:33:19 PM

ਨਵੀਂ ਦਿੱਲੀ- ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਪ੍ਰਸਤਾਵਿਤ ਹਾਈਡ੍ਰੋਕਸੀਕਲੋਰੋਕਵੀਨ ਅਤੇ ਏਜੀਥ੍ਰੋਮਾਈਸਿਨ ਦਾ ਇਕੱਠੇ ਸੇਵਨ ਖਤਰਨਾਕ ਹੋ ਸਕਦਾ ਹੈ ਅਤੇ ਇਹ ਮਿਸ਼ਰਨ ਦਿਲ 'ਤੇ ਗੰਭੀਰ ਅਸਰ ਪਾ ਸਕਦਾ ਹੈ। ਇਕ ਅਧਿਐਨ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਅਮਰੀਕਾ ਦੇ ਵਾਂਡਰਬਿਲਟ ਯੂਨੀਵਰਿਸਟੀ ਅਤੇ ਸਟੇਨਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਡਾਟਾਬੇਸ ਦਾ ਸੰਖੇਪ ਆਕਲਨ ਕੀਤਾ, ਜਿਸ 'ਚ ਦਵਾਈਆਂ ਦੇ ਪ੍ਰਤੀਕੂਲ ਪ੍ਰਭਾਵ ਸੰਬੰਧੀ 2.1 ਕਰੋੜ ਮਾਮਲਿਆਂ ਦੀ ਰਿਪੋਰਟ ਸੀ। ਇਨ੍ਹਾਂ ਰਿਪੋਰਟਾਂ 'ਚ 14 ਨਵੰਬਰ 1967 ਅਤੇ ਇਕ ਮਾਰਚ 2020 ਦਰਮਿਆਨ 130 ਦੇਸ਼ਾਂ ਦੇ ਇਲਾਜ ਦੀਆਂ ਰਿਪੋਰਟਾਂ ਸ਼ਾਮਲ ਸਨ। ਅਧਿਐਨ 'ਚ ਜਿਨ੍ਹਾਂ ਮਰੀਜ਼ਾਂ ਨੇ ਹਾਈਡ੍ਰੋਕਸੀਕਲੋਰੋਕਵੀਨ, ਏਜੀਥ੍ਰੋਮਾਈਸਿਨ ਦੋਹਾਂ ਦਵਾਈਆਂ ਦਾ ਸੇਵਨ ਕੀਤਾ, ਉਨ੍ਹਾਂ ਦੇ ਦਿਲ 'ਤੇ ਦਵਾਈਆਂ ਦੇ ਪ੍ਰਤੀਕੂਲ ਪ੍ਰਭਾਵ ਦਾ ਅਧਿਐਨ ਕੀਤਾ।

ਖੋਜਕਰਤਾਵਾਂ ਨੇ ਕਿਹਾ ਕਿ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਹਾਈਡ੍ਰੋਕਸੀਕਲੋਰੋਕਵੀਨ ਅਤੇ ਏਜੀਥ੍ਰੋਮਾਈਸਿਨ ਇਕੱਲੇ ਜਾਂ ਇਕੱਠੇ ਲੈਣਾ ਪ੍ਰਸਤਾਵਿਤ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੁੱਖ ਤੌਰ 'ਤੇ ਏਜੀਥ੍ਰੋਮਾਈਸਿਨ ਪਰ ਹਾਈਡ੍ਰੋਕਸੀਕਲੋਰੋਕਵੀਨ ਦੇ ਸੇਵਨ ਨਾਲ ਵੀ ਦਿਲ ਦੀ ਗਤੀ 'ਚ ਤਬਦੀਲੀ ਵਰਗੇ ਖਤਰਨਾਕ ਪ੍ਰਭਾਵ ਦੇਖਣ ਨੂੰ ਮਿਲੇ। ਵਿਗਿਆਨੀਆਂ ਨੇ ਦੱਸਿਆ ਕਿ ਦੋਹਾਂ ਦੇ ਇਕੱਠੇ ਸੇਵਨ ਨਾਲ ਹੋਰ ਭਿਆਨਕ ਪ੍ਰਭਾਵ ਦੇਖਣ ਨੂੰ ਮਿਲੇ। ਖੋਜਕਰਤਾਵਾਂ ਅਨੁਸਾਰ ਹਾਈਡ੍ਰੋਕਸੀਕਲੋਰੋਕਵੀਨ ਦਾ ਕਈ ਮਹੀਨਿਆਂ ਤੱਕ ਸੇਵਨ ਕਰਨ ਨਾਲ ਜਾਨਲੇਵਾ ਦਿਲ ਦਾ ਦੌਰਾ ਪੈਣ ਵਰਗਾ ਅਸਰ ਵੀ ਦੇਖਿਆ ਗਿਆ। ਇਹ ਅਧਿਆਏ 'ਸਰਕੁਲੇਸ਼ਨ' ਅਖਬਾਰ 'ਚ ਪ੍ਰਕਾਸ਼ਿਤ ਹੋਇਆ ਹੈ।


DIsha

Content Editor

Related News