ਕੋਰੋਨਾ ਵਾਇਰਸ ਕਾਰਨ ਅਮਰਨਾਥ ਯਾਤਰਾ ਹੋਈ ਰੱਦ

Tuesday, Jul 21, 2020 - 06:55 PM (IST)

ਕੋਰੋਨਾ ਵਾਇਰਸ ਕਾਰਨ ਅਮਰਨਾਥ ਯਾਤਰਾ ਹੋਈ ਰੱਦ

ਜੰਮੂ- ਜੰਮੂ-ਕਸ਼ਮੀਰ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਵੱਧਦੇ ਲਾਗ ਕਾਰਨ ਅਮਰਨਾਥ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਹੈ। ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਕੋਰੋਨਾ ਦੇ ਵੱਧਦੇ ਕਹਿਰ ਦੇ ਮੱਦੇਨਜ਼ਰ ਯਾਤਰਾ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ। ਦੱਸ ਦੇਈਏ ਕਿ ਅਮਰਨਾਥ ਯਾਤਰਾ ਅੱਜ ਤੋਂ ਯਾਨੀ ਕਿ 21 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਅਤੇ ਤੀਰਥ ਯਾਤਰੀਆਂ ਦਾ ਪਹਿਲਾ ਜੱਥਾ ਰਵਾਨਾ ਹੋਣਾ ਸੀ ਪਰ ਇਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। 

ਬੋਰਡ ਵਲੋਂ ਲਏ ਗਏ ਫੈਸਲੇ ਤੋਂ ਬਾਅਦ ਆਖਰਕਾਰ ਸਾਲਾਨਾ ਤੀਰਥ ਯਾਤਰਾ ਨੂੰ ਲੈ ਕੇ ਅਟਕਲਾਂ ਨੂੰ ਵਿਰਾਮ ਲੱਗ ਗਿਆ ਹੈ। ਕੁਝ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਨੇ ਕੋਵਿਡ-19 ਦੇ ਮੱਦੇਨਜ਼ਰ ਇਸ ਸਾਲ ਦੀ ਅਮਰਨਾਥ ਯਾਤਰਾ ਨੂੰ ਮੁਲਤਵੀ ਕਰਨ ਲਈ ਕੇਂਦਰ, ਜੰਮੂ-ਕਸ਼ਮੀਰ ਅਤੇ ਅਮਰਨਾਥ ਸ਼ਰਾਈਨ ਬੋਰਡ ਨੂੰ ਨਿਰਦੇਸ਼ ਦੇਣ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ।

ਦੱਸਣਯੋਗ ਹੈ ਕਿ ਇਸ ਸਾਲ ਇਹ ਤੀਰਥ ਯਾਤਰਾ 23 ਜੂਨ ਨੂੰ ਸ਼ੁਰੂ ਹੋਣ ਵਾਲੀ ਸੀ ਪਰ ਤਾਲਾਬੰਦੀ ਦੇ ਚੱਲਦੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਯਾਤਰਾ ਨੂੰ 21 ਜੁਲਾਈ ਯਾਨੀ ਕਿ ਅੱਜ ਸ਼ੁਰੂ ਕੀਤਾ ਜਾਣਾ ਤੈਅ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਜੰਮੂ-ਕਸ਼ਮੀਰ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਫਿਰ ਤੋਂ ਵਾਧਾ ਹੋਇਆ ਹੈ। ਇਸ ਲਈ ਪ੍ਰਸ਼ਾਸਨ ਨੇ ਯਾਤਰਾ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ 13,899 'ਤੇ ਪੁੱਜ ਗਈ ਹੈ ਅਤੇ 250 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Tanu

Content Editor

Related News