ਕੋਵਿਡ-19: ਸਿਹਤ ਮਹਿਕਮੇ ਨੇ ਘਰ 'ਚ ਇਕਾਂਤਵਾਸ ਸਬੰਧੀ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

Friday, Jul 03, 2020 - 04:20 PM (IST)

ਕੋਵਿਡ-19: ਸਿਹਤ ਮਹਿਕਮੇ ਨੇ ਘਰ 'ਚ ਇਕਾਂਤਵਾਸ ਸਬੰਧੀ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਨਵੀਂ ਦਿੱਲੀ (ਭਾਸ਼ਾ) : ਦੇਸ਼ ਵਿਚ ਕੋਵਿਡ-19 ਦੇ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਦੀ ਗਿਣਤੀ ਵਧਣ ਦੌਰਾਨ ਕੇਂਦਰੀ ਸਿਹਤ ਮਹਿਕਮੇ ਨੇ ਇਨ੍ਹਾਂ ਨੂੰ (ਬਿਨਾਂ ਲੱਛਣਾਂ ਵਾਲੇ ਮਰੀਜ਼ਾਂ) ਸ਼ਾਮਲ ਕਰਦੇ ਹੋਏ ਘਰ ਵਿਚ ਇਕਾਂਤਵਾਸ ਸਬੰਧੀ ਦਿਸ਼ਾ-ਨਿਰਦੇਸ਼ਾਂ ਵਿਚ ਸੋਧ ਕੀਤੀ ਹੈ। ਇਨ੍ਹਾਂ ਸੋਧੇ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਬਹੁਤ ਮਾਮੂਲੀ ਲੱਛਣਾਂ ਵਾਲੇ ਜਾਂ ਇਨਫੈਕਸ਼ਨ ਦੇ ਸ਼ੁਰੂਆਤੀ ਲੱਛਣਾਂ ਵਾਲੇ ਮਰੀਜ਼ਾਂ ਦੇ ਨਾਲ-ਨਾਲ ਬਿਨਾਂ ਲੱਛਣਾਂ ਵਾਲੇ ਮਰੀਜ਼ ਵੀ ਘਰ ਵਿਚ ਇਕਾਂਤਵਾਸ ਵਿਚ ਰਹਿ ਸਕਦੇ ਹਨ, ਬਸ਼ਰਤੇ ਉਨ੍ਹਾਂ ਕੋਲ ਘਰ ਵਿਚ ਇਕਾਂਤਵਾਸ ਵਿਚ ਰਹਿਣ ਦੀ ਸਹੂਲਤ ਹੋਵੇ ਤਾਂ ਕਿ ਉਹ ਪਰਿਵਾਰ ਦੇ ਹੋਰ ਲੋਕਾਂ ਦੇ ਸੰਪਰਕ ਵਿਚ ਨਾ ਆਉਣ।

ਮਹਿਕਮੇ ਨੇ ਵੀਰਵਾਰ ਨੂੰ ਜ਼ਾਰੀ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਕਿ ਹਾਲਾਂਕਿ ਰੋਗਾਂ ਨਾਲ ਲੜਨ ਦੀ ਘੱਟ ਸਮਰੱਥਾ ਵਾਲੇ ਮਰੀਜ਼ (ਜਿਵੇਂ ਐਚ.ਆਈ.ਵੀ, ਟਰਾਂਸਪਲਾਂਟ ਕਰਾਉਣ ਵਾਲੇ, ਕੈਂਸਰ ਦਾ ਇਲਾਜ ਕਰਾਉਣ ਵਾਲੇ) ਘਰ ਵਿਚ ਵੱਖ ਰਹਿਣ ਦੇ ਪਾਤਰ ਨਹੀਂ ਹਨ। ਇਸ ਦੇ ਇਲਾਵਾ 60 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗ ਰੋਗੀਆਂ ਅਤੇ ਹੋਰ ਬੀਮਾਰੀਆਂ ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦੀ ਬਿਮਾਰੀ, ਫੇਫੜੇ / ਜਿਗਰ / ਗੁਰਦੇ ਦੀ ਪੁਰਾਣੀ ਬੀਮਾਰੀ ਨਾਲ ਪੀੜਤ ਲੋਕਾਂ ਨੂੰ ਡਾਕਟਰ ਦੇ ਸਲਾਹ-ਮਸ਼ਵਰੇ ਤੋਂ ਬਾਅਦ ਹੀ ਘਰ ਵਿਚ ਇਕਾਂਤਵਾਸ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਦਿਸ਼ਾ-ਨਿਰਦੇਸ਼ਾਂ ਅਨੁਸਾਰ ਘਰ ਵਿਚ ਇਕਾਂਤਵਾਸ ਵਿਚ ਰਹਿ ਰਹੇ ਮਰੀਜ਼ਾਂ ਨੂੰ ਲੱਛਣ ਦਿਸਣ ਦੇ 10 ਦਿਨਾਂ ਦੇ ਬਾਅਦ ਅਤੇ 3 ਦਿਨ ਤੱਕ ਬੁਖ਼ਾਰ ਨਾ ਆਉਣ 'ਤੇ ਇਕਾਂਤਵਾਸ ਦੀ ਮਿਆਦ ਤੋਂ ਮੁਕਤ ਮੰਨਿਆ ਜਾਵੇਗਾ। ਸੋਧੇ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ, 'ਇਸ ਦੇ ਬਾਅਦ ਮਰੀਜ਼ਾਂ ਨੂੰ 7 ਦਿਨ ਲਈ ਖੁਦ ਨੂੰ ਘਰ ਵਿਚ ਇਕਾਂਤਵਾਸ ਵਿਚ ਰੱਖਣ ਅਤੇ ਆਪਣੀ ਸਿਹਤ 'ਤੇ ਆਪ ਨਜ਼ਰ ਰੱਖਣ ਦੀ ਸਲਾਹ ਦਿੱਤੀ ਜਾਵੇਗੀ। ਘਰ ਵਿਚ ਇਕਾਂਤਵਾਸ ਦੀ ਮਿਆਦ ਪੂਰੀ ਹੋਣ ਦੇ ਬਾਅਦ ਜਾਂਚ ਕਰਾਉਣ ਦੀ ਲੋੜ ਨਹੀਂ ਹੋਵੇਗੀ। ਭਾਰਤ ਵਿਚ ਕੋਵਿਡ-19 ਦੇ ਇਕ ਦਿਨ ਵਿਚ ਰਿਕਾਰਡ 20,000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲੇ ਵੱਧ ਕੇ ਸ਼ੁੱਕਰਵਾਰ ਨੂੰ 6,25,544 ਹੋ ਗਏ। ਉਥੇ ਹੀ 379 ਹੋਰ ਲੋਕਾਂ ਦੀ ਜਾਨ ਜਾਣ ਦੇ ਬਾਅਦ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 18,213 ਹੋ ਗਈ।


author

cherry

Content Editor

Related News