COVID-19 : ਹੋਮ ਕੁਆਰੰਟੀਨ ਲੋਕ ਹਰ ਘੰਟੇ ਬਾਅਦ ਭੇਜਣਗੇ ਸਰਕਾਰ ਨੂੰ ਸੈਲਫੀ
Tuesday, Mar 31, 2020 - 09:05 AM (IST)
ਬੈਂਗਲੁਰੂ- ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ ਤੇ ਇਸ ਕਾਰਨ 30 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਵਿਡ-19 ਨੂੰ ਰੋਕਣ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਆਪਣੇ ਵਲੋਂ ਹਰ ਸੰਭਵ ਕੋਸ਼ਿਸ਼ਾਂ ਕਰ ਰਹੀਆਂ ਹਨ ਤੇ ਕਈ ਸਖਤ ਕਦਮ ਵੀ ਚੁੱਕ ਰਹੀਆਂ ਹਨ। ਇਸ ਵਿਚਕਾਰ ਕਰਨਾਟਕ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਜੋ ਲੋਕ ਹੋਮ ਕੁਆਰੰਟੀਨ ਵਿਚ ਹਨ, ਉਨ੍ਹਾਂ ਨੂੰ ਹਰ ਰੋਜ਼ ਸੈਲਫੀ ਭੇਜਣੀ ਪਵੇਗੀ। ਅਸਲ ਵਿਚ ਸਰਕਾਰ ਨੇ ਕਈ ਲੋਕਾਂ ਨੂੰ ਕੋਰੋਨਾ ਦੇ ਸ਼ੱਕ ਦੇ ਚੱਲਦਿਆਂ 14 ਦਿਨਾਂ ਲਈ ਕੁਆਰੰਟੀਨ ਕੀਤਾ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਨੂੰ ਜੋ ਹਾਲ ਹੀ ਵਿਚ ਵਿਦੇਸ਼ ਦੀ ਯਾਤਰਾ ਕਰਕੇ ਆਏ ਹਨ।
ਕਰਨਾਟਕ ਸਰਕਾਰ ਦੇ ਹੁਕਮ ਮੁਤਾਬਕ ਇਹ ਲੋਕ ਰਾਤ ਦੇ 10 ਵਜੇ ਤੋਂ ਸਵੇਰੇ 7 ਵਜੇ ਦੇ ਸਮੇਂ ਨੂੰ ਛੱਡ ਕੇ ਬਾਕੀ ਪੂਰਾ ਦਿਨ ਆਪਣੀ ਤਸਵੀਰ ਸਾਂਝੀ ਕਰਨਗੇ। ਜੇਕਰ ਕਿਸੇ ਨੇ ਅਜਿਹਾ ਨਾ ਕੀਤਾ ਤਾਂ ਉਸ ਨੂੰ ਸਰਕਾਰ ਦੇ ਬਣਾਏ ਵੱਡੇ ਕੁਆਰੰਟੀਨ ਵਿਚ ਭੇਜ ਦਿੱਤਾ ਜਾਵੇਗਾ, ਜਿਸ ਕਾਰਨ 14 ਦਿਨ ਲਈ ਉਹ ਵਿਅਕਤੀ ਆਪਣੇ ਪਰਿਵਾਰ ਤੋਂ ਦੂਰ ਰਹੇਗਾ। ਕਰਨਾਟਕ ਸਰਕਾਰ ਨੇ ਜਾਰੀ ਹੁਕਮ ਵਿਚ ਕਿਹਾ ਕਿ ਸੈਲਫੀ ਜਾਂ ਫਿਰ ਤਸਵੀਰ ਨੂੰ ਜੀ. ਪੀ. ਐੱਸ. ਲੋਕੇਸ਼ਨ ਆਨ ਕਰਕੇ ਖਿੱਚ ਕੇ ਭੇਜਣਾ ਪਵੇਗਾ ਤਾਂ ਕਿ ਤਸਵੀਰ ਦੇ ਨਾਲ ਹੀ ਥਾਂ ਦਾ ਵੀ ਪਤਾ ਲੱਗ ਸਕੇ।
ਹੋਮ ਕੁਆਰੰਟੀਨ ਵਿਚ ਰਹਿ ਰਹੇ ਲੋਕਾਂ ਲਈ ਸਖਤੀ ਤਾਂ ਹੀ ਕੀਤੀ ਗਈ ਹੈ ਤਾਂ ਕਿ ਹੋਰ ਲੋਕਾਂ ਨੂੰ ਇਹ ਵਾਇਰਸ ਹੋਣ ਤੋਂ ਬਚਾਇਆ ਜਾ ਸਕੇ। ਦੇਸ਼ ਭਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1200 ਤੋਂ ਵਧੇਰੇ ਹੈ। ਭਾਰਤ 21 ਦਿਨਾਂ ਲਈ ਲਾਕਡਾਊਨ ਹੈ ਤੇ ਪ੍ਰਸ਼ਾਸਨ ਵਾਇਰਸ ਨੂੰ ਨੱਥ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।