ਕੋਵਿਡ-19 : ਕਈ ਸੂਬਿਆਂ ’ਚ ਫੈਲੀ ਦੂਜੀ ਲਹਿਰ, ਮੱਧ ਪ੍ਰਦੇਸ਼ ਅਤੇ ਪੰਜਾਬ ਟੀਕਾਕਰਨ ’ਚ ਪਿੱਛੇ
Monday, Apr 12, 2021 - 06:57 PM (IST)
ਮੁੰਬਈ (ਭਾਸ਼ਾ)-ਰੇਟਿੰਗ ਏਜੰਸੀ ਕ੍ਰਿਸਿਲ ਨੇ ਇਕ ਰਿਪੋਰਟ ’ਚ ਸੋਮਵਾਰ ਕਿਹਾ ਕਿ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਕਈ ਸੂਬਿਆਂ ’ਚ ਫੈਲ ਚੁੱਕੀ ਹੈ, ਜਦਕਿ ਮੱਧ ਪ੍ਰਦੇਸ਼ ਅਤੇ ਪੰਜਾਬ ਵਰਗੇ ਸੂਬੇ ਟੀਕਾਕਰਨ ’ਚ ਕਾਫ਼ੀ ਪਿੱਛੇ ਹਨ। ਕ੍ਰਿਸਿਲ ਦੀ ਖੋਜ ਬ੍ਰਾਂਚ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ 11 ਅਪ੍ਰੈਲ ਨੂੰ ਖਤਮ ਹੋਏ ਹਫਤੇ ’ਚ ਸਾਹਮਣੇ ਆਏ ਨਵੇਂ ਮਾਮਲਿਆਂ ’ਚ 66 ਫੀਸਦੀ ਚੋਟੀ ਦੇ ਛੇ ਸੂਬਿਆਂ ਮਹਾਰਾਸ਼ਟਰ, ਕਰਨਾਟਕ, ਪੰਜਾਬ, ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਗੁਜਰਾਤ ਤੋਂ ਹਨ, ਜਦਕਿ ਇਸ ਤੋਂ ਪਿਛਲੇ ਹਫਤੇ ਇਹ ਅੰਕੜਾ 75 ਫੀਸਦੀ ਸੀ।
ਯਾਨੀ ਕਿ ਇਨਫੈਕਸ਼ਨ ਇਨ੍ਹਾਂ ਸੂਬਿਆਂ ਤੋਂ ਇਲਾਵਾ ਦੂਜੀ ਜਗ੍ਹਾ ਤੇਜ਼ੀ ਨਾਲ ਫੈਲ ਰਹੀ ਹੈ। ਰਿਪੋਰਟ ਮੁਤਾਬਕ, ‘‘ਫੈਲਾਅ ਦਰਸਾਉਂਦਾ ਹੈ ਕਿ ਵੱਧ ਤੋਂ ਵੱਧ ਸੂਬੇ ਹੁਣ ਦੂਜੀ ਲਹਿਰ ਦੀ ਲਪੇਟ ’ਚ ਆਉਣ ਲੱਗੇ ਹਨ।’’ ਕ੍ਰਿਸਿਲ ਨੇ ਅੱਗੇ ਕਿਹਾ ਕਿ ਇਨਫੈਕਸ਼ਨ ਵਧਣ ਦਾ ਇਕ ਕਾਰਨ ਵਧੀ ਹੋਈ ਜਾਂਚ ਹੋ ਸਕਦੀ ਹੈ ਪਰ ਦੂਜਾ ਕਾਰਨ ਇਨਫੈਕਸ਼ਨ ਦੀ ਉੱਚ ਦਰ ਵੀ ਹੈ, ਜੋ ਹੁਣ 10.6 ਫੀਸਦੀ ਹੈ, ਜਦਕਿ ਸਤੰਬਰ 2020 ’ਚ ਇਹ ਅੰਕੜਾ 6.4 ਫੀਸਦੀ ਸੀ। ਰਿਪੋਰਟ ਅਨੁਸਾਰ ਗੁਜਰਾਤ ਅਤੇ ਛੱਤੀਸਗੜ੍ਹ ਨੇ 11 ਅਪ੍ਰੈਲ ਤਕ ਪ੍ਰਤੀ 10 ਲੱਖ ਲੋਕਾਂ ਦੇ ਮੁਕਾਬਲੇ ਉਮੀਦ ਤੋਂ ਵੱਧ ਲੋਕਾਂ ਨੂੰ ਟੀਕਾ ਲਾਇਆ ਹੈ, ਜਦਕਿ ਪੰਜਾਬ ਤੇ ਮੱਧ ਪ੍ਰਦੇਸ਼ ਇਸ ’ਚ ਪੱਛੜ ਰਹੇ ਹਨ।
ਇਸੇ ਦੌਰਾਨ ਵਿਦੇਸ਼ੀ ਬ੍ਰੋਕਰੇਜ ਫਰਮ ਬਾਰਕਲੇਜ਼ ਨੇ ਕਿਹਾ ਕਿ ਜੇ ਮਹਾਰਾਸ਼ਟਰ ਵਰਗੇ ਸੂਬਿਆਂ ’ਚ 2 ਮਹੀਨਿਆਂ ਤਕ ਆਵਾਜਾਈ ਸਬੰਧੀ ਪਾਬੰਦੀਆਂ ਤੇ ਹਫਤਾਵਾਰੀ ਲਾਕਡਾਊਨ ਜਾਰੀ ਰਿਹਾ, ਤਾਂ ਇਸ ਨਾਲ ਅਸਲ ਜੀ. ਡੀ. ਪੀ. ’ਚ 0.2 ਫੀਸਦੀ ਤਕ ਕਮੀ ਆ ਸਕਦੀ ਹੈ। ਹਾਲਾਂਕਿ ਬ੍ਰੋਕਰੇਜ ਫਰਮ ਨੇ ਜੀ. ਡੀ. ਪੀ. ਵਾਧੇ ਦੇ ਅੰਦਾਜ਼ੇ ਨੂੰ 11 ਫੀਸਦੀ ’ਤੇ ਬਣਾਈ ਰੱਖਣਾ ਹੈ।