ਕੋਵਿਡ-19 ਦੇ ਕਹਿਰ ਦਰਮਿਆਨ ਚੰਗੀ ਖਬਰ : ਭਾਰਤ ਦੇ ਤਿੰਨ ਸੂਬੇ ਹੋਏ ''ਕੋਰੋਨਾ ਮੁਕਤ''

04/23/2020 5:50:36 PM

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਫੈਲਣ ਦਾ ਖਤਰਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਪਰ ਦੂਜੇ ਪਾਸੇ ਕੁਝ ਹੋਰ ਚੰਗੀ ਖਬਰ ਵੀ ਸਾਹਮਣੇ ਆ ਰਹੀ ਹੈ। ਦੇਸ਼ 'ਚ ਕੁੱਲ 32 ਸੂਬਿਆਂ 'ਚੋਂ 3 ਸੂਬੇ ਕੋਰੋਨਾ ਵਾਇਰਸ ਮੁਕਤ ਹੋ ਗਏ ਹਨ। ਅਰੁਣਾਚਲ ਪ੍ਰਦੇਸ਼, ਮਣੀਪੁਰ ਅਤੇ ਗੋਆ ਸੂਬੇ 'ਚ ਕੋਰੋਨਾ ਦੇ ਮਾਮਲੇ ਆਏ ਪਰ ਹੁਣ ਇਕ ਵੀ ਪਾਜ਼ੀਟਿਵ ਕੇਸ ਇਸ ਸੂਬੇ 'ਚ ਨਹੀਂ ਹੈ। ਕੋਰੋਨਾ ਦੇ ਮਰੀਜ਼ ਇਨਾਂ ਸੂਬਿਆਂ ਤੋਂ ਠੀਕ ਹੋ ਕੇ ਹਸਪਤਾਲ ਤੋਂ ਡਿਸਚਾਰਜ ਹੋ ਚੁਕੇ ਹਨ। ਉੱਥੇ ਹੀ 5 ਅਜਿਹੇ ਵੀ ਸੂਬੇ/ਕੇਂਦਰ ਸ਼ਾਸਿਤ ਪ੍ਰਦੇਸ਼ ਹਨ, ਜਿਨਾਂ 'ਚ ਹਾਲੇ ਤੱਕ ਇਕ ਵੀ ਕੋਰੋਨਾ ਦੇ ਕੇਸ ਨਹੀਂ ਆਏ ਹਨ। ਨਾਗਾਲੈਂਡ, ਸਿੱਕਮ, ਦਮਨ ਦੀਵ, ਦਾਦਰ ਐਂਡ ਨਾਗਰ ਹਵੇਲੀ ਅਤੇ ਲਕਸ਼ਦੀਪ 'ਚ ਕੋਰੋਨਾ ਦਾ ਕੋਈ ਵੀ ਮਾਮਲਾ ਨਹੀਂ ਆਇਆ ਹੈ।

ਹੋਰ ਸੂਬਿਆਂ ਦੀ ਗੱਲ ਕਰੀਏ ਤਾਂ 7 ਸੂਬਿਆਂ ਤੋਂ ਕਰੀਬ 79 ਫੀਸਦੀ ਮਾਮਲੇ ਕੋਰੋਨਾ ਦੇ ਹਨ, ਜਦੋਂ ਕਿ ਸਭ ਤੋਂ ਵਧ ਮਾਮਲਿਆਂ 'ਚ ਤਿੰਨ ਸੂਬਿਆਂ ਤੋਂ ਕਰੀਬ 48 ਫੀਸਦੀ ਮਾਮਲੇ ਹਨ। 7 ਸੂਬਿਆਂ 'ਚ ਮਹਾਰਾਸ਼ਟਰ, ਗੁਜਰਾਤ, ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਹਨ। ਇਨਾਂ ਸੂਬਿਆਂ 'ਚ ਅੰਕੜਾ ਚਾਰ ਡਿਜੀਟ 'ਚ ਯਾਨੀ ਹਜ਼ਾਰ ਤੋਂ ਵਧ ਹੈ। ਇਨਾਂ 7 ਸੂਬਿਆਂ 'ਚ ਹੀ 78.84 ਫੀਸਦੀ ਮਾਮਲੇ ਆਏ ਹਨ। 7 ਸੂਬਿਆਂ 'ਚ ਪਹਿਲੇ ਸਥਾਨ 'ਤੇ ਮਹਾਰਾਸ਼ਟਰ, ਦੂਜੇ 'ਤੇ ਗੁਜਰਾਤ ਅਤੇ ਫਿਰ ਦਿੱਲੀ ਦਾ ਨੰਬਰ ਹੈ। 48.17 ਫੀਸਦੀ ਮਾਮਲੇ ਸਿਰਫ਼ ਮਹਾਰਾਸ਼ਟਰ, ਗੁਜਰਾਤ ਅਤੇ ਦਿੱਲੀ ਤੋਂ ਹਨ।

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦਾ ਕਹਿਰ ਭਾਰਤ 'ਚ ਲਗਾਤਾਰ ਵਧਦਾ ਜਾਰੀ ਹੈ। ਲਾਕਡਾਊਨ ਦੇ ਬਾਵਜੂਦ ਇਸ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਿਚ ਦੇਸ਼ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 21 ਹਜ਼ਾਰ ਪਾਰ ਕਰ ਗਈ ਹੈ। ਸਿਹਤ ਮੰਤਰਾਲੇ ਵਲੋਂ ਵੀਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ ਕੁੱਲ ਮਾਮਲੇ 21393 ਹਨ। ਉੱਥੇ ਹੀ ਐਕਟਿਵ ਕੇਸ 16454 ਹਨ ਅਤੇ 681 ਮੌਤਾਂ ਹੋ ਚੁਕੀਆਂ ਹਨ। ਉੱਥੇ ਹੀ 4258 ਮਰੀਜ਼ ਠੀਕ ਹੋਏ ਹਨ।


DIsha

Content Editor

Related News